ਚੰਡੀਗੜ੍ਹ, 27 ਅਪ੍ਰੈਲ (ਪ੍ਰੋ. ਅਵਤਾਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ 'ਚ ਪੰਜਾਬ ਸਰਕਾਰ ਵਲੋਂ ਬਣਾਈ ਗਈ 'ਸਿੱਟ' ਅੱਜ ਸਵੇਰੇ ਕਰੀਬ 11 ਵਜੇ ਚੰਡੀਗੜ੍ਹ ਸਥਿਤ ਸ਼ੋ੍ਰਮਣੀ ਕਮੇਟੀ ਦੇ ਉਪ ਦਫ਼ਤਰ ਵਿਖੇ ਪੁੱਜੀ, ਜਿੱਥੇ 'ਸਿੱਟ' ਮੈਂਬਰਾਂ ਨੇ ਕਰੀਬ ਦੋ ਘੰਟੇ ਸ਼ੋ੍ਰਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ | ਜਾਣਕਾਰੀ ਮੁਤਾਬਿਕ ਗੱਲਬਾਤ ਉਪਰੰਤ ਸ਼ੋ੍ਰਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਨੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਹਾਜ਼ਰੀ 'ਚ 'ਸਿੱਟ' ਨੂੰ ਮਾਮਲੇ ਨਾਲ ਸੰਬੰਧਿਤ ਰਿਕਾਰਡ ਸੌਂਪਿਆ | ਇਸ ਮੌਕੇ ਅੰਤਿ੍ੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਜਿੰਦਰ ਸਿੰਘ ਮਹਿਤਾ, ਭਗਵੰਤ ਸਿੰਘ ਸਿਆਲਕਾ ਤੇ ਸੁਰਜੀਤ ਸਿੰਘ ਭਿੱਟੇਵਢ ਆਦਿ ਹਾਜ਼ਰ ਸਨ | ਸ਼ੋ੍ਰਮਣੀ ਕਮੇਟੀ ਵਲੋਂ ਇਸ ਸੰਬੰਧੀ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਤੇ ਨਾ ਹੀ ਮੀਡੀਆ ਨੂੰ ਸੱਦਿਆ ਗਿਆ, ਪਰ ਸੂਤਰਾਂ ਅਨੁਸਾਰ ਸ਼ੋ੍ਰਮਣੀ ਕਮੇਟੀ ਦੇ ਉਪ ਦਫ਼ਤਰ ਪੁੱਜੇ 'ਸਿੱਟ' ਦੇ ਮੈਂਬਰਾਂ 'ਚ ਐਸ.ਪੀ. ਸੁਖਨਾਜ ਸਿੰਘ, ਏ. ਸੀ. ਪੀ. ਹਰਮਿੰਦਰ ਸਿੰਘ ਸੰਧੂ ਅਤੇ ਇੰਸਪੈਕਟਰ ਅਮਨਜੋਤ ਕੌਰ ਸ਼ਾਮਿਲ ਸਨ, ਜਿਨ੍ਹਾਂ ਨੇ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਤੋਂ ਜ਼ਰੂਰੀ ਰਿਕਾਰਡ ਹਾਸਿਲ ਕੀਤਾ | 'ਸਿੱਟ' ਦੇ ਮੈਂਬਰ ਐਸ.ਪੀ. ਸੁਖਨਾਜ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਨਾਲ ਲੋੜਿੰਦਾ ਰਿਕਾਰਡ ਅਗਲੀ ਕਰਵਾਈ ਲਈ ਪ੍ਰਾਪਤ ਕੀਤਾ ਗਿਆ ਹੈ |
ਪੰਜਾਬ ਸਰਕਾਰ ਵਲੋਂ ਬਣਾਈ ਗਈ 'ਸਿੱਟ' ਨੂੰ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਨੇ ਸੌਂਪਿਆ ਸੰਬੰਧਿਤ ਰਿਕਾਰਡ <br/>
ਅਜੀਤ ਡੈਸਕ
28-04-2026