ਜਲੰਧਰ, 1 ਮਈ (ਸ਼ਿਵ ਸ਼ਰਮਾ)-ਵਪਾਰਕ ਸਿਲੰਡਰ 3186 ਰੁਪਏ ਦਾ ਹੋਣ ਤੋਂ ਬਾਅਦ ਲੋਕਾਂ ਲਈ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ 'ਤੇ ਖਾਣਾ ਹੋਰ ਮਹਿੰਗਾ ਹੋਣ ਜਾ ਰਿਹਾ ਹੈ | ਚਾਹੇ ਕੰਪਨੀਆਂ ਵਲੋਂ ਹੁਣ ਵਪਾਰਕ ਸਿਲੰਡਰ ਦੀ ਕੀਮਤ 2193 ਰੁਪਏ ਪ੍ਰਤੀ 14 ਕਿੱਲੋ ਦੇ ਸਿਲੰਡਰ ਦੀ ਕੀਮਤ ਕਰੀਬ 1000 ਰੁਪਏ ਹੋਰ ਵਧ ਗਈ ਹੈ | ਕਈ ਰੈਸਟੋਰੈਂਟਾਂ ਵਿਚ ਤਾਂ ਖਾਣੇ ਦੇ ਬਿੱਲ ਵਿਚ ਅਲੱਗ ਤੋਂ ਪ੍ਰਤੀ ਵਿਅਕਤੀ 50 ਰੁਪਏ ਗੈਸ ਸਰਵਿਸ ਦਾ ਖਰਚਾ ਵੀ ਵਸੂਲਣ ਦਾ ਕੰਮ ਸ਼ੁਰੂ ਹੋ ਗਿਆ ਹੈ | ਕੁੱਝ ਦਿਨ ਪਹਿਲਾਂ ਹੀ ਤਿੰਨ ਵਿਅਕਤੀ ਰੈਸਟੋਰੈਂਟ ਵਿਚ ਗਏ ਤਾਂ ਉਨਾਂ ਨੂੰ ਮਿਲੇ ਬਿੱਲ ਵਿਚ 150 ਰੁਪਏ ਗੈਸ ਸਰਵਿਸ ਦੇ ਜੋੜੇ ਗਏ ਸਨ | ਰੈਸਟੋਰੈਂਟ ਅਤੇ ਢਾਬਿਆਂ, ਬਰਗਰ, ਮੋਮੋਸ ਤੇ ਹੋਰ ਸਾਮਾਨ ਵੇਚਣ ਵਾਲੇ ਤਾਂ ਪਹਿਲਾਂ ਹੀ ਮਹਿੰਗਾ ਸਿਲੰਡਰ ਲੈ ਰਹੇ ਸਨ ਤਾਂ ਕਈਆਂ ਨੇ ਪਹਿਲਾਂ ਹੀ ਖਾਣੇ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਸੀ ਜਦਕਿ ਹੁਣ ਵਪਾਰਕ ਸਿਲੰਡਰ ਦੀ ਕੀਮਤ 3186 ਰੁਪਏ ਦੇ ਕਰੀਬ ਹੋ ਜਾਵੇਗੀ ਤਾਂ ਰੈਸਟੋਰੈਂਟ, ਢਾਬਿਆਂ, ਰੇਹੜੀਆਂ ਵਾਲੇ ਲਈ ਆਪਣੇ ਖਾਣੇ ਦੀ ਕੀਮਤਾਂ ਵਿਚ ਹੋਰ ਵਾਧਾ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੋਵੇਗਾ | ਆਉਣ ਵਾਲੇ ਦਿਨਾਂ ਵਿਚ ਦਾਲਾਂ, ਰੋਟੀਆਂ, ਬੇਕਰੀ ਅਤੇ ਹੋਰ ਸਾਮਾਨ ਦੇ ਮਹਿੰਗਾ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਇਕ ਪਾਸੇ ਜਿੱਥੇ ਵਪਾਰਕ ਗੈਸ ਦੀ ਕੀਮਤ ਵਿਚ ਭਾਰੀ ਵਾਧਾ ਹੋਇਆ ਹੈ ਤੇ ਦੂਜੇ ਪਾਸੇ ਰਸੋਈ ਗੈਸ ਸਸਤਾ ਹੋਣ ਕਰਕੇ ਇਸ ਦੀ ਬਲੈਕ ਹੋਰ ਜ਼ਿਆਦਾ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਆਮ ਚਾਹ, ਪਕੌੜੇ ਵੇਚਣ ਵਾਲੇ ਮਹਿੰਗੇ ਵਪਾਰਕ ਗੈਸ ਦੀ ਵਰਤੋਂ ਕਰਨ ਦੀ ਥਾਂ ਰਸੋਈ ਗੈਸ ਬਲੈਕ ਵਿਚ ਲੈਂਦੇ ਸੀ ਪਰ ਹੁਣ ਰਸੋਈ ਗੈਸ ਦਾ ਸਿਲੰਡਰ ਲੈਣਾ ਵੀ ਉਨ੍ਹਾਂ ਲਈ ਹੋਰ ਮਹਿੰਗਾ ਹੋ ਜਾਵੇਗਾ | ਚਾਪਾਂ ਦਾ ਕੰਮ ਕਰਦੇ ਇਕ ਕਾਰੋਬਾਰੀ ਅਮਨ ਕੁਮਾਰ ਦਾ ਕਹਿਣਾ ਸੀ ਕਿ ਵਪਾਰਕ ਗੈਸ ਦੀਆਂ ਕੀਮਤਾਂ ਵਧਣ ਕਾਰਨ ਉਨ੍ਹਾਂ ਨੂੰ ਚੀਜ਼ਾਂ ਹੋਰ ਮਹਿੰਗੀਆਂ ਕਰਨੀਆਂ ਪੈਣਗੀਆਂ | ਸਨਅਤਕਾਰ ਅਸ਼ਵਨੀ ਵਿਕਟਰ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਫ਼ੈਕਟਰੀ ਵਿਚ ਰੋਜ਼ਾਨਾ ਚਾਰ ਤੋਂ ਪੰਜ ਵਪਾਰਕ ਗੈਸ ਸਿਲੰਡਰ ਲੱਗਦੇ ਹਨ ਪਰ ਇਨ੍ਹਾਂ ਕੀਮਤਾਂ ਦੇ ਵਧਣ ਨਾਲ ਖਾਣ ਦਾ ਸਾਮਾਨ ਮਹਿੰਗਾ ਹੋਵੇਗਾ |