ਲੁਧਿਆਣਾ, 2 ਮਈ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਵਾਈਸ ਚਾਂਸਲਰ ਕਮੇਟੀ ਹਾਲ ਵਿਚ ਇਕ ਵਿਸ਼ੇਸ਼ ਸਮਾਰੋਹ ਦੌਰਾਨ ਅੱਜ ਇਕ ਕੌਫ਼ੀ ਟੇਬਲ ਕਿਤਾਬ 'ਪੰਜਾਬ ਦੇ ਕਣਕ ਦੇ ਖੇਤ-ਵਿਸਾਖੀ ਦੀ ਆਤਮਾ' ਕੈਬਨਿਟ ਮੰਤਰੀ ਸੰਜੀਵ ਅਰੋੜਾ, ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ, ਉਪ ਕੁਲਪਤੀ ਪੀ.ਏ.ਯੂ. ਡਾ. ਸਤਿਬੀਰ ਸਿੰਘ ਗੋਸਲ ਅਤੇ ਉੱਪ ਕੁਲਪਤੀ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਡਾ. ਜਤਿੰਦਰ ਪਾਲ ਸਿੰਘ ਗਿੱਲ ਵਲੋਂ ਲੋਕ ਅਰਪਿਤ ਕੀਤੀ ਗਈ | ਪੀ.ਏ.ਯੂ. ਵਲੋਂ ਵਿਕਸਿਤ ਕੀਤੀਆਂ ਗਈਆਂ ਕਣਕ ਦੀਆਂ ਕਿਸਮਾਂ ਨੂੰ ਤਸਵੀਰਾਂ ਦੇ ਰੂਪ ਵਿਚ ਇਕ ਦਸਤਾਵੇਜ਼ ਵਜੋਂ ਪੇਸ਼ ਕਰਦੀ ਇਸ ਕਿਤਾਬ ਦੇ ਸੰਪਾਦਕ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਹਨ | ਸੰਜੀਵ ਅਰੋੜਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੀ.ਏ.ਯੂ. ਵਲੋਂ ਲਗਾਤਾਰ ਮਿਆਰੀ ਸਾਹਿੱਤ ਪ੍ਰਕਾਸ਼ਿਤ ਕਰਕੇ ਕਿਸਾਨਾਂ ਤੱਕ ਪਹੁੰਚਾਇਆ ਜਾਣਾ ਬੇਹੱਦ ਸ਼ੁੱਭ ਸ਼ਗਨ ਹੈ | ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਉੱਘੇ ਵਾਤਾਵਰਨ ਵਿਗਿਆਨੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੀ.ਏ.ਯੂ. ਨੇ ਵਾਤਾਵਰਨ ਦੀ ਸੰਭਾਲ ਲਈ ਲਾਸਾਨੀ ਕਾਰਜ ਨੂੰ ਅੰਜਾਮ ਦਿੱਤਾ ਹੈ | ਸੰਤ ਸੀਚੇਵਾਲ ਨੇ ਇਸ ਕਿਤਾਬ ਨੂੰ ਵੀ ਬੇਹੱਦ ਮਹੱਤਵਪੂਰਨ ਕਿਹਾ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 66 ਦੇ ਕਰੀਬ ਕਣਕ ਦੀਆਂ ਕਿਸਮਾਂ ਪੈਦਾ ਕੀਤੀਆਂ ਹਨ, ਜੋ ਰਾਸ਼ਟਰੀ ਪੱਧਰ 'ਤੇ ਵੀ ਕਾਸ਼ਤ ਲਈ ਪਛਾਣੀਆਂ ਗਈਆਂ | ਡਾ. ਗੋਸਲ ਨੇ ਇਹ ਵੀ ਕਿਹਾ ਕਿ ਆਉਂਦੇ ਸਮੇਂ ਵਿਚ ਵੀ ਪੀ.ਏ.ਯੂ. ਮੰਡੀ ਤੇ ਪੋਸ਼ਣ ਦੀਆਂ ਲੋੜਾਂ ਅਨੁਸਾਰ ਕਣਕ ਦੀਆਂ ਕਿਸਮਾਂ ਸਬੰਧੀ ਖੋਜ ਕਰਦੀ ਰਹੇਗੀ | ਇਸ ਕੌਫ਼ੀ ਟੇਬਲ ਕਿਤਾਬ ਦੇ ਸੰਪਾਦਕ ਹਰਪ੍ਰੀਤ ਸੰਧੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਯੂਨੀਵਰਸਿਟੀ ਨੇ ਕਿਸਾਨੀ ਅਤੇ ਪੀ.ਏ.ਯੂ. ਦੇ ਸਥਿਰ ਸੰਬੰਧਾਂ ਬਾਰੇ ਚਾਰ ਕੌਫ਼ੀ ਟੇਬਲ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ | ਇਸੇ ਪ੍ਰਸੰਗ ਵਿਚ ਇਹ ਕਿਤਾਬ ਪੀ.ਏ.ਯੂ. ਦੀਆਂ ਕਣਕ ਦੀਆਂ ਕਿਸਮਾਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਸਮੇਤ ਇਕ ਥਾਂ 'ਤੇ ਦਸਤਾਵੇਜ਼ੀ ਰੂਪ ਦੇਣ ਦਾ ਸੁਹਿਰਦ ਯਤਨ ਹੈ | ਇਸ ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ | ਸਮਾਰੋਹ ਦੌਰਾਨ ਪੰਜਾਬ ਦੇ 7 ਅਗਾਂਹਵਧੂ ਕਿਸਾਨਾਂ ਨੂੰ ਕੌਫ਼ੀ ਟੇਬਲ ਕਿਤਾਬ ਅਤੇ ਦੁਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਵਤਾਰ ਸਿੰਘ ਢੀਂਡਸਾ, ਉੱਘੇ ਗੀਤਕਾਰ ਸ਼ਮਸ਼ੇਰ ਸੰਧੂ, ਪ੍ਰੋ. ਗੁਰਭਜਨ ਗਿੱਲ, ਡਾ. ਨਿਰਮਲ ਜੌੜਾ ਸਮੇਤ ਪਤਵੰਤੇ ਸੱਜਣ ਅਤੇ ਪੀ.ਏ.ਯੂ. ਦੇ ਉੱਚ ਅਧਿਕਾਰੀ, ਕਿਸਾਨ ਕਲੱਬ ਅਤੇ ਜੈਵਿਕ ਕਿਸਾਨ ਕਲੱਬ ਦੇ ਪ੍ਰਧਾਨ, ਹੋਰ ਕਿਸਾਨ ਅਤੇ ਵੱਖ ਵੱਖ ਅਹੁਦੇਦਾਰ ਮੌਜੂਦ ਸਨ |
ਪੀ.ਏ.ਯੂ. ਵਲੋਂ ਲਗਾਤਾਰ ਮਿਆਰੀ ਸਾਹਿਤ ਪ੍ਰਕਾਸ਼ਿਤ ਕਰ ਕੇ ਕਿਸਾਨਾਂ ਤੱਕ ਪਹੁੰਚਾਇਆ ਜਾਣਾ ਬੇਹੱਦ ਸ਼ੁੱਭ ਸ਼ਗਨ-ਸੰਜੀਵ ਅਰੋੜਾ
ਅਜੀਤ ਡੈਸਕ
03-05-2026