ਅੰਮਿ੍ਤਸਰ, 4 ਮਈ (ਸੁਰਿੰਦਰ ਕੋਛੜ)-ਜ਼ਿੰਮੇਵਾਰੀ, ਸਤਿਕਾਰ ਤੇ ਸਰਦਾਰੀ ਦੀ ਪ੍ਰਤੀਕ 'ਪੱਗ', 'ਪਗੜੀ' ਜਾਂ 'ਦਸਤਾਰ' ਸਿੱਖ ਸਭਿਆਚਾਰ ਦਾ ਇਕ ਕੇਂਦਰੀ ਚਿੰਨ੍ਹ ਹੈ | ਧਾਰਮਿਕ ਨਿਸ਼ਾਨੀ ਹੋਣ ਕਰਕੇ ਸਿੱਖ ਧਰਮ ਦੇ ਵਸਤਰਾਂ 'ਚ ਦਸਤਾਰ ਦਾ ਵਿਸ਼ੇਸ਼ ਸਥਾਨ ਹੈ | ਪਗੜੀਆਂ ਦੀਆਂ ਕਈ ਕਿਸਮਾਂ ਤੇ ਸਟਾਈਲ ਹਨ, ਜਿਨ੍ਹਾਂ ਤੋਂ ਦੂਜੇ ਧਰਮਾਂ ਦੇ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਸਥਾਨਕ ਕਿਲ੍ਹਾ ਗੋਬਿੰਦਗੜ੍ਹ ਦੇ ਪ੍ਰਬੰਧਕਾਂ ਵਲੋਂ ਕਿਲ੍ਹੇ ਦੇ ਅੰਦਰ 'ਪਗੜੀ ਮਿਊਜ਼ੀਅਮ' ਸਥਾਪਿਤ ਕੀਤਾ ਗਿਆ ਹੈ | ਇਸ ਅਜਾਇਬ-ਘਰ 'ਚ ਵਿਸ਼ੇਸ਼ ਗੱਲ ਇਹ ਹੈ ਕਿ ਇੱਥੇ ਸਿਰਫ਼ ਵੱਖ-ਵੱਖ ਤਰ੍ਹਾਂ ਦੀਆਂ ਪਗੜੀਆਂ ਦੀ ਪ੍ਰਦਰਸ਼ਨੀ ਹੀ ਨਹੀਂ ਲਗਾਈ ਗਈ, ਸਗੋਂ ਪਗਾਂ ਦੀ ਮਹੱਤਤਾ ਅਤੇ ਇਨ੍ਹਾਂ ਦੇ ਵਿਗਿਆਨਕ ਨਜ਼ਰੀਏ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ | 'ਪਗੜੀ ਮਿਊਜ਼ੀਅਮ' 'ਚ ਪਗੜੀਆਂ ਦਾ ਸਟਾਈਲ ਤੇ ਉਨ੍ਹਾਂ ਨਾਲ ਜੁੜਿਆ ਇਤਿਹਾਸ 27 ਫਾਈਬਰ ਦੇ ਪੁਤਲਿਆਂ ਅਤੇ ਹੋਰਨਾਂ ਵੱਖ-ਵੱਖ ਤਸਵੀਰਾਂ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ | ਪੁਰਾਤਨ ਸਮੇਂ ਦੀਆਂ ਪਗੜੀਆਂ ਦੀ ਝਲਕ ਪੇਸ਼ ਕਰਦੀਆਂ ਇਨ੍ਹਾਂ ਪਗੜੀਆਂ 'ਚ ਪਰਨਾ, ਅਕਾਲੀ ਪੱਗ, ਰਵਾਇਤੀ ਪੱਗ, ਦੁਮਾਲਾ, ਰਾਸੀ ਪੱਗ, ਭੰਗੜੇ (ਤੁਰ੍ਹਲੇ) ਵਾਲੀ ਪੱਗ, ਆਧੁਨਿਕ ਸੱਭਿਆਚਾਰਕ ਪਗੜੀਆਂ (ਮੋਰਨੀ ਪੱਗ), ਪਟਿਆਲਾ ਸ਼ਾਹੀ ਪੱਗ, ਪਟਕਾ, ਗੈਰ ਸਿੱਖ ਪਗੜੀਆਂ (ਪਿਸ਼ੌਰੀ ਕੁੱਲਾ), ਦੂਹਰੀ ਪੱਟੀ ਜਾਂ ਨੋਕਦਾਰ ਪਗੜੀ, ਅੰਮਿ੍ਤਸਰੀ ਦੁਮਾਲਾ, ਕੇਸਕੀ, ਪਟਿਆਲਾ ਸ਼ਾਹੀ ਅਤੇ ਪੋਚਵੀਂ ਪੱਗ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਦੇ ਇਲਾਵਾ ਐੱਨ. ਆਰ. ਆਈ. ਸਿੱਖਾਂ ਅਤੇ ਉਨ੍ਹਾਂ ਦੀ ਫਿਊਯਨ ਸ਼ੈਲੀ ਦੀਆਂ ਪਗੜੀਆਂ ਸਮੇਤ ਦੁਨੀਆਂ ਦੀ ਸਭ ਤੋਂ ਵੱਡੀ ਪੱਗ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ |
ਕਿਲ੍ਹਾ ਗੋਬਿੰਦਗੜ੍ਹ ਦੇ 'ਪਗੜੀ ਮਿਊਜ਼ੀਅਮ' 'ਚ ਪੱਗ ਦੀ ਮਹੱਤਤਾ ਤੇ ਵਿਗਿਆਨਕ ਨਜ਼ਰੀਏ ਬਾਰੇ ਦਿੱਤੀ ਜਾ ਰਹੀ ਜਾਣਕਾਰੀ
ਅਜੀਤ ਡੈਸਕ
05-05-2026