ਲਾਡੋਵਾਲ, 4 ਮਈ (ਬਲਬੀਰ ਸਿੰਘ ਰਾਣਾ)-ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸੀਨੀਅਰ ਆਗੂ ਅਤੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਮੱਖੂ ਦੀ ਅਗਵਾਈ ਵਿਚ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਟੋਲ ਮੁਕਤ ਕੀਤਾ ਗਿਆ, ਜਿਸ ਦੌਰਾਨ ਵਾਹਨ ਚਾਲਕਾਂ ਨੂੰ ਟੋਲ ਫ਼ੀਸ ਦਿੱਤੇ ਬਿਨਾਂ ਲੰਘਾਇਆ ਗਿਆ | ਇਸ ਮੌਕੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਹਰਪ੍ਰੀਤ ਸਿੰਘ ਮੱਖੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 30 ਅਪ੍ਰੈਲ ਤੱਕ ਅਬਾਦਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਜਿਹੜਾ ਕਿ ਅੱਜ ਤੱਕ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜਾ ਕਿਸਾਨ ਅੰਨ ਪੈਦਾ ਕਰਕੇ ਦੂਸਰਿਆਂ ਦਾ ਪੇਟ ਭਰਦਾ ਸੀ, ਅੱਜ ਆਪ ਭੁੱਖੇ ਪੇਟ ਸੌਣ ਲਈ ਮਜਬੂਰ ਹੋ ਚੁੱਕਾ ਹੈ | ਕੌਮੀ ਪ੍ਰਧਾਨ ਨਿਮਾਣਾ ਅਤੇ ਸੂਬਾ ਪ੍ਰਧਾਨ ਮੱਖੂ ਨੇ ਪੰਜਾਬ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਹੜ੍ਹਾਂ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਸੀ, ਪਾਣੀ ਦੇ ਤੇਜ਼ ਵਹਾਅ ਨਾਲ ਜ਼ਮੀਨਾਂ ਰੁੜ ਗਈਆਂ, ਹੋਰ ਬਹੁਤ ਕੁੱਝ ਪਾਣੀ ਵਿਚ ਰੁੜ ਗਿਆ, ਆਬਾਦਕਾਰ ਕਿਸਾਨਾਂ ਨੂੰ ਪੈਲੀਆਂ ਦਾ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ, ਬੇ-ਮੌਸਮੀ ਬਾਰਸ਼ਾਂ ਅਤੇ ਹੋਰ ਕੁਦਰਤੀ ਆਫਤਾਂ ਨਾਲ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਸੀ, ਪਰ ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਗੰਭੀਰਤਾ ਨਹੀਂ ਦਿਖਾਈ | ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੇਗੀ ਤਦ ਤੱਕ ਸਾਡੇ ਵਲੋਂ ਪੰਜਾਬ ਦੇ ਸਾਰੇ ਟੋਲ ਪਲਾਜੇ ਅਣਮਿੱਥੇ ਸਮੇਂ ਲਈ ਟੋਲ ਫ਼ਰੀ ਕਰਨ ਦਾ ਐਲਾਨ ਕੀਤਾ ਗਿਆ | ਉਨ੍ਹਾਂ ਨੇ ਦੱਸਿਆ ਕਿ ਜਦ ਲਾਡੋਵਾਲ ਟੋਲ ਪਲਾਜ਼ਾ ਟੋਲ ਫ਼ਰੀ ਕੀਤਾ ਤਾਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵਲੋਂ ਕਿਸਾਨ ਜਥੇਬੰਦੀਆਂ ਨੂੰ ਸ਼ਾਮੀ 4 ਤੋਂ 6 ਵਜੇ ਗੱਲਬਾਤ ਕਰਨ ਦਾ ਸੱਦਾ ਪੱਤਰ ਲਾਇਆ ਗਿਆ, ਜਿਸ ਕਰਕੇ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਆਗੂਆਂ ਵਲੋਂ ਫ਼ੈਸਲਾ ਲਿਆ ਗਿਆ ਕਿ ਟੋਲ ਪਲਾਜ਼ਾ ਕੇਵਲ ਅੱਜ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਟੋਲ ਮੁਕਤ ਕੀਤਾ ਜਾਵੇਗਾ | ਇਸ ਮੌਕੇ ਸੁੱਖ ਗਿੱਲ ਸੂਬਾ ਪ੍ਰਧਾਨ ਭਾਕਿਉ ਤੋਤੇਵਾਲ, ਜਸਬੀਰ ਸਿੰਘ ਆਹਲੂਵਾਲੀਆ, ਸਤਨਾਮ ਸਿੰਘ ਹਰੀਕੇ ਸੂਬਾ ਪ੍ਰਧਾਨ ਭਾਕਿਉ ਮਝੈਲ, ਲਖਵੀਰ ਸਿੰਘ ਸੋਂਟੀ ਸੂਬਾ ਪ੍ਰਧਾਨ ਕਿਸਾਨ ਯੂਨੀਅਨ ਅੰਮਿ੍ਤਸਰ ਆਦਿ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਅਮਰਜੀਤ ਸਿੰਘ ਭੱਟੀ ਸੀਨੀਅਰ ਮੀਤ ਪ੍ਰਧਾਨ, ਰਾਣਾ ਸਿੰਘ ਗਰੇਵਾਲ, ਸੁਰਜੀਤ ਸਿੰਘ ਪ੍ਰਧਾਨ ਦੰਗਾ ਪੀੜਤ, ਗੁਰਦੀਪ ਸਿੰਘ ਗਰੇਵਾਲ ਪ੍ਰਚਾਰ ਸਕੱਤਰ, ਪ੍ਰਭਦੀਪ ਸਿੰਘ ਸੇਖੋਂ ਜ਼ਿਲ੍ਹਾ ਦਿਹਾਤੀ ਪ੍ਰਧਾਨ, ਲਖਵਿੰਦਰ ਸਿੰਘ ਸ਼ਹਿਰੀ ਪ੍ਰਧਾਨ, ਸ਼ਮਸ਼ੇਰ ਸਿੰਘ ਲਾਡੋਵਾਲ, ਪਰਮਜੀਤ ਸਿੰਘ, ਬਹਾਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਸੈਣੀ, ਆਸ਼ੂ, ਦਇਆ ਸਿੰਘ, ਦਲਵਿੰਦਰ ਸਿੰਘ, ਨਿਸ਼ਾਨ ਸਿੰਘ, ਹਰਬੰਸ ਸਿੰਘ ਫੌਜੀ, ਕੰਵਲਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਖ਼ਾਲਸਾ ਸੀਨੀ. ਮੀਤ ਪ੍ਰਧਾਨ, ਗੁਰਵਿੰਦਰ ਸਿੰਘ, ਭਰਪੂਰ ਸਿੰਘ, ਲਖਵੀਰ ਲੱਖਾ, ਨਿਤਿਨ ਦੀਵਾਨ ਅਤੇ ਅਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ |
ਮਾਮਲਾ ਪੰਜਾਬ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਨਾ ਦੇਣ ਦਾ-ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ 11 ਤੋਂ 2 ਵਜੇ ਤੱਕ ਕੀਤਾ ਟੋਲ ਮੁਕਤ <br/>
ਅਜੀਤ ਡੈਸਕ
05-05-2026