ਅੰਮਿ੍ਤਸਰ, 4 ਮਈ (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜੂਨ 1984 ਵੇਲੇ ਸ੍ਰੀ ਦਰਬਾਰ ਸਾਹਿਬ ਸਮੂਹ 'ਤੇ ਹੋਏ ਫੌਜੀ ਹਮਲੇ ਵੇਲੇ ਸਿੱਖ ਰੈਫਰੈਂਸ ਲਾਇਬਰੇਰੀ ਵਿਚੋਂ ਭਾਰਤੀ ਫੌਜ, ਜੋ ਇਤਿਹਾਸਕ ਹੁਕਮਨਾਮੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਦੁਰਲੱਭ ਦਸਤਾਵੇਜ਼ ਅਤੇ ਹੋਰ ਧਾਰਮਿਕ ਸਾਹਿਤ ਨਾਲ ਲੈ ਗਈ ਸੀ, ਇਸ ਬਾਰੇ ਪਾਏ ਜਾ ਰਹੀ ਦੁਬਿਧਾ ਤੇ ਸੰਦੇਹਾਂ ਸੰਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਜਾਵੇ ਅਤੇ ਸੰਭਵ ਹੋਵੇ ਤਾਂ ਇਸ ਸੰਬੰਧੀ ਸਾਰੇ ਰਿਕਾਰਡ, ਦਸਤਾਵੇਜ਼ ਤੇ ਜਾਂਚ ਰਿਪੋਰਟਾਂ ਨੂੰ ਵੀ ਜਨਤਕ ਕੀਤਾ ਜਾਵੇ, ਤਾਂ ਜੋ ਸੱਚਾਈ ਸਾਹਮਣੇ ਆ ਸਕੇ | ਅੱਜ ਇੱਥੇ ਰਣਜੀਤ ਐਵੀਨਿਊ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਜਥੇਦਾਰ ਨੇ ਕਿਹਾ ਕਿ ਪਿਛਲੇ ਸਮਿਆਂ ਤੋਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਸਾਰੇ ਪਾਵਨ ਸਰੂਪ, ਹੁਕਮਨਾਮੇ, ਦਸਤਾਵੇਜ਼ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤੇ ਸਨ, ਜਦੋਂ ਕਿ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਕਿ ਸਾਡੇ ਕੋਲ ਇਹ ਦਸਤਾਵੇਜ਼ ਵਾਪਸ ਆਏ ਨਹੀਂ | ਉਨ੍ਹਾਂ ਕਿਹਾ ਕਿ ਇਕ ਹੋਰ ਧਿਰ ਤੇ ਕੁਝ ਵਿਦਵਾਨਾਂ ਦਾ ਕਹਿਣਾ ਹੈ ਕੁਝ ਜ਼ਰੂਰੀ ਦੁਰਲੱਭ ਦਸਤਾਵੇਜ਼ ਅਤੇ ਪਾਵਨ ਸਰੂਪ, ਵਿਦੇਸ਼ਾਂ ਦੇ ਵਿਚ ਕਰੋੜਾਂ ਰੁਪਈਏ ਲੈ ਕੇ ਵੇਚ ਦਿੱਤੇ ਗਏ ਸਨ, ਇਸ ਪ੍ਰਤੀ ਸੰਗਤ ਵਿਚ ਬਹੁਤ ਵੱਡੀ ਦੁਬਿਧਾ ਤੇ ਨਿਰਾਸ਼ਤਾ ਪਾਈ ਜਾ ਰਹੀ ਹੈ |
ਗਿਆਨੀ ਰਘਬੀਰ ਸਿੰਘ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦੁਰਲੱਭ ਧਾਰਮਿਕ ਖਜ਼ਾਨੇ ਸੰਬੰਧੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ
ਅਜੀਤ ਡੈਸਕ
05-05-2026