ਅੰਮਿ੍ਤਸਰ, 5 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਸ਼ਰਾਬ ਕੰਪਨੀ ਮਰੀ ਬਰੂਅਰੀ ਨੂੰ 50 ਸਾਲਾਂ ਤੋਂ ਵੱਧ ਸਮੇਂ ਦੀ ਪਾਬੰਦੀ ਤੋਂ ਬਾਅਦ ਵਿਦੇਸ਼ਾਂ 'ਚ ਸ਼ਰਾਬ ਨਿਰਯਾਤ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ | ਇਸ ਪ੍ਰਵਾਨਗੀ ਤੋਂ ਬਾਅਦ ਕੰਪਨੀ ਦੀ ਰਾਵਲਪਿੰਡੀ ਫ਼ੈਕਟਰੀ 'ਚ ਉਤਪਾਦਨ ਵਧਿਆ ਹੈ | ਮਰੀ ਬਰੂਅਰੀ ਨੇ ਆਪਣੀ ਬੀਅਰ ਅਤੇ ਹੋਰ ਅਲਕੋਹਲ ਵਾਲੇ ਪਦਾਰਥ ਉਨ੍ਹਾਂ ਦੇਸ਼ਾਂ ਨੂੰ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਇਸਲਾਮਿਕ ਸਹਿਯੋਗ ਸੰਗਠਨ ਦਾ ਹਿੱਸਾ ਨਹੀਂ ਹਨ | ਕੰਪਨੀ ਦੇ ਨਿਰਯਾਤ ਮੈਨੇਜਰ ਰਮੀਜ਼ ਸ਼ਾਹ ਨੇ ਦੱਸਿਆ ਕਿ ਪਿਛਲੇ ਅਪ੍ਰੈਲ ਮਹੀਨੇ ਦੌਰਾਨ ਬਿ੍ਟੇਨ, ਜਾਪਾਨ, ਪੁਰਤਗਾਲ ਅਤੇ ਥਾਈਲੈਂਡ ਵਰਗੇ ਦੇਸ਼ਾਂ ਨੂੰ ਸ਼ਰਾਬ ਨਿਰਯਾਤ ਕੀਤੀ ਗਈ | ਮਰੀ ਬਰੂਅਰੀ ਦੀ ਸਥਾਪਨਾ ਸਾਲ 1860 'ਚ ਬਿ੍ਟਿਸ਼ ਭਾਰਤ ਵਿਚ ਸੈਨਿਕਾਂ ਅਤੇ ਬਸਤੀਵਾਦੀ ਭਾਈਚਾਰੇ ਦੀ ਪਿਆਸ ਬੁਝਾਉਣ ਲਈ ਕੀਤੀ ਗਈ ਸੀ | ਸੰਨ 1947 'ਚ ਦੇਸ਼ ਦੀ ਆਜ਼ਾਦੀ ਅਤੇ ਪਾਕਿ ਦੇ ਹੋਂਦ 'ਚ ਆਉਣ ਤੋਂ ਬਾਅਦ ਖ਼ਾਸ ਕਰਕੇ ਜ਼ੁਲਫਿਕਾਰ ਅਲੀ ਭੁੱਟੋ ਦੇ ਸ਼ਾਸਨ ਅਧੀਨ ਸ਼ਰਾਬ ਸੰਬੰਧੀ ਸਖ਼ਤ ਨਿਯਮ ਲਾਗੂ ਕੀਤੇ ਗਏ ਸਨ |
ਪਾਕਿ ਦੀ ਸਭ ਤੋਂ ਪੁਰਾਣੀ ਤੇ ਵੱਡੀ ਸ਼ਰਾਬ ਕੰਪਨੀ ਨੂੰ ਵਿਦੇਸ਼ਾਂ 'ਚ ਨਿਰਯਾਤ ਦੀ ਪ੍ਰਵਾਨਗੀ
ਅਜੀਤ ਡੈਸਕ
06-05-2026