ਸ਼ਾਮ ਸਿੰਘ ਘੁੰਮਣ
ਦੀਨਾਨਗਰ, 5 ਮਈ-ਕਦੇ ਪੰਜਾਬ ਤੋਂ ਲੈ ਕੇ ਚੀਨ ਦੀਆਂ ਸਰਹੱਦਾਂ, ਦਰਾ ਖੈਬਰ ਅਤੇ ਸਿੰਧ ਤੱਕ ਸਿੱਖ ਰਾਜ ਦਾ ਝੰਡਾ ਬੁਲੰਦ ਕਰਨ ਵਾਲੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਭਾਗ ਵੇਲੇ ਦੀਆਂ ਦੀਨਾਨਗਰ ਸ਼ਹਿਰ ਅੰਦਰ ਮੌਜੂਦ ਅਹਿਮ ਇਤਿਹਾਸਕ ਨਿਸ਼ਾਨੀਆਂ ਸਰਕਾਰਾਂ ਦੀ ਸਵੱਲੀ ਨਜ਼ਰ ਦੀ ਉਡੀਕ 'ਚ ਦਮ ਤੋੜਦੀਆਂ ਨਜ਼ਰ ਆ ਰਹੀਆਂ ਹਨ | ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਵਲੋਂ ਇਤਿਹਾਸਕ ਵਿਰਾਸਤਾਂ ਐਲਾਨੇ ਜਾਣ ਦੇ ਬਾਵਜੂਦ ਵੀ ਕਿਸੇ ਸਰਕਾਰ ਨੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਧੇਲਾ ਨਹੀਂ ਖ਼ਰਚਿਆ | ਜਿਸ ਕਾਰਨ ਅੱਜ ਖੰਡਰ ਦਾ ਰੂਪ ਧਾਰਨ ਕਰ ਚੁੱਕੀਆਂ ਇਨ੍ਹਾਂ ਇਮਾਰਤਾਂ ਦੇ ਬਚੇ ਹੋਏ ਵਜੂਦ ਵੀ ਖਤਰੇ ਵਿਚ ਹਨ | ਦੀਨਾਨਗਰ ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸ਼ਾਹੀ ਬਾਰਾਂਦਰੀ ਨੂੰ ਸਾਲ 2010 'ਚ ਹਿਸਟੋਰੀਕਲ ਮੋਨੂਮੈਂਟ ਐਲਾਨੇ ਜਾਣ ਮਗਰੋਂ ਭਾਵੇਂ ਸਰਕਾਰਾਂ ਨੇ ਤਾਂ ਕਦੇ ਇਸ ਦੀ ਸਾਂਭ ਸੰਭਾਲ ਵੱਲ ਮੂੰਹ ਨਹੀਂ ਕੀਤਾ | ਪਰ ਇਸ ਇਤਿਹਾਸਕ ਧਰੋਹਰ ਅਤੇ ਇਸ ਨਾਲ ਜੁੜੀ 46 ਕਨਾਲ 15 ਮਰਲੇ ਬੇਸ਼ਕੀਮਤੀ ਜ਼ਮੀਨ ਨੂੰ ਹੜੱਪਣ ਵਾਲੀਆਂ ਤਾਕਤਾਂ ਇਸ ਦਾ ਮਲੀਆ ਮੇਟ ਕਰਨ ਲਈ ਪੂਰਾ ਤਰ੍ਹਾਂ ਸਰਗਰਮ ਹਨ | ਤਾਜ਼ਾ ਮਾਮਲੇ 'ਚ ਇਸ ਸ਼ਾਹੀ ਬਾਰਾਂਦਰੀ ਉੱਪਰ ਕਬਜ਼ੇ ਦੀ ਨੀਅਤ ਨਾਲ ਕੀਤੀ ਗਈ ਭੰਨਤੋੜ ਕਾਰਨ ਸਿੱਖ ਰਾਜ ਦੀ ਇਹ ਅਹਿਮ ਨਿਸ਼ਾਨੀ ਕਾਫੀ ਚਰਚਾ ਵਿਚ ਹੈ | ਇੰਜ ਜਾਪਦਾ ਹੈ ਜਿਵੇਂ ਇਸ ਸ਼ਾਹੀ ਬਾਰਾਂਦਰੀ ਨਾਲ ਜੁੜੀ ਬੇਸ਼ਕੀਮਤੀ ਜ਼ਮੀਨ ਹੀ ਇਸ ਦੀ ਦੁਸ਼ਮਣ ਬਣ ਬੈਠੀ ਹੋਵੇ ਅਤੇ ਇਸੇ ਜ਼ਮੀਨ ਨੂੰ ਹਥਿਆਉਣ ਲਈ ਭੂ ਮਾਫ਼ੀਆ ਇਸ ਇਤਿਹਾਸਕ ਨਿਸ਼ਾਨੀ ਦਾ ਖੁਰਾ ਖੋਜ ਮਿਟਾਉਣ ਲਈ ਬਜ਼ਿਦ ਹੋਵੇ | ਜੇਕਰ ਦੀਨਾਨਗਰ ਸ਼ਹਿਰ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਕਦੇ ਅੰਬਾਂ ਦੇ ਬਾਗ਼ਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਦੀਨਾਨਗਰ ਸਿੱਖ ਮਿਸਲਾਂ ਦੇ ਰਾਜ ਵੇਲੇ ਘਨੱਈਆ ਅਤੇ ਰਾਮਗੜ੍ਹੀਆ ਮਿਸਲਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ | 1808 ਵਿਚ ਪਹਿਲਾਂ ਰਾਮਗੜ੍ਹੀਆ ਮਿਸਲ ਅਤੇ ਫਿਰ 1811 ਵਿਚ ਘਨੱਈਆ ਮਿਸਲ ਨੂੰ ਆਪਣੇ ਅਧੀਨ ਕਰ ਲੈਣ ਮਗਰੋਂ ਮਹਾਰਾਜਾ ਰਣਜੀਤ ਸਿੰਘ ਵਲੋਂ ਇਸ ਸ਼ਹਿਰ ਨੂੰ ਆਪਣੇ ਅਧੀਨ ਕਰ ਲਿਆ ਗਿਆ | ਮਹਾਰਾਜਾ ਰਣਜੀਤ ਸਿੰਘ ਨੇ ਦੀਨਾਨਗਰ ਸ਼ਹਿਰ 'ਚ ਯੂਰਪੀਅਨ ਤੇ ਮੁਗ਼ਲ ਕਲਾ ਦੇ ਸ਼ਾਨਦਾਰ ਸੁਮੇਲ ਨਾਲ ਕਈ ਆਲੀਸ਼ਾਨ ਇਮਾਰਤਾਂ ਦਾ ਨਿਰਮਾਣ ਕਰਵਾਇਆ | ਇਨ੍ਹਾਂ ਵਿਚ ਸ਼ਾਹੀ ਬਾਰਾਂਦਰੀ, ਵੈਨਤਰਾ ਹਾਊਸ, ਹਮਾਮ, ਸ਼ਿਵਾਲਾ, ਗਊਸ਼ਾਲਾ, ਅਸਤਬਲ ਅਤੇ ਫ਼ੌਜੀ ਠਹਿਰਾਓ ਲਈ ਤਿਆਰ ਕੀਤੀਆਂ ਇਮਾਰਤਾਂ ਸ਼ਾਮਿਲ ਸਨ, ਜਿਨ੍ਹਾਂ 'ਚੋਂ ਕਈ ਇਮਾਰਤਾਂ ਭੂਮੀਗਤ ਸੁਰੰਗਾਂ ਰਾਹੀਂ ਇਕ ਦੂਜੇ ਨਾਲ ਜੁੜਦੀਆਂ ਸਨ ਪਰ ਦੀਨਾਨਗਰ ਸ਼ਹਿਰ ਅੰਦਰ ਮੌਜੂਦ ਮਹਾਨ ਸਿੱਖ ਰਾਜ ਦੀਆਂ ਵਿਰਾਸਤਾਂ ਨਾਲ ਹਰ ਪੱਖੋਂ ਮਤਰੇਈ ਮਾਂ ਵਾਲਾ ਸਲੂਕ ਹੀ ਹੁੰਦਾ ਰਿਹਾ ਹੈ, ਜਿਸ ਕਾਰਨ ਸਿੱਖ ਰਾਜ ਦੀਆਂ ਅਨਮੋਲ ਵਿਰਾਸਤਾਂ ਹੌਲੀ ਹੌਲੀ ਆਪਣਾ ਵਜੂਦ ਗੁਆਉਣ ਲੱਗੀਆਂ ਹਨ |
ਇਤਿਹਾਸਕ ਧਰੋਹਰ ਨੂੰ ਬਚਾਉਣ ਲਈ ਵਿਰਾਸਤੀ ਮੰਚ ਬਟਾਲਾ ਵਲੋਂ ਲੜੀ ਜਾ ਰਹੀ ਕਾਨੂੰਨੀ ਲੜਾਈ ਦੇ ਇਲਾਵਾ ਡੀ. ਜੀ. ਐਮ. ਸੀ. ਦੀ ਧਰਮ ਪ੍ਰਚਾਰ ਕਮੇਟੀ ਸਣੇ ਕਈ ਹੋਰ ਜਥੇਬੰਦੀਆਂ ਵੀ ਅੱਗੇ ਆਈਆਂ ਹਨ, ਜਿਨ੍ਹਾਂ ਵਲੋਂ ਸਰਕਾਰ ਨੂੰ ਇਸ ਦੀ ਸਾਂਭ ਸੰਭਾਲ ਲਈ ਉਪਰਾਲੇ ਕਰਨ ਦੀ ਬੇਨਤੀ ਕੀਤੀ ਗਈ ਹੈ | ਪਰ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਿੱਖ ਰਾਜ ਦੀ ਇਸ ਅਹਿਮ ਨਿਸ਼ਾਨੀ ਵੱਲ ਸਰਕਾਰ ਦੀ ਨਜ਼ਰ ਸਵੱਲੀ ਹੁੰਦੀ ਹੈ ਜਾਂ ਫਿਰ ਸਰਕਾਰ ਵਲੋਂ ਇਸ ਨੰੂ ਭੂ ਮਾਫ਼ੀਆ ਦੇ ਮੂੰਹ ਦੀ ਬੁਰਕੀ ਬਣਨ ਲਈ ਛੱਡ ਦਿੱਤਾ ਜਾਂਦਾ ਹੈ |
ਸਰਕਾਰਾਂ ਦੀ ਸਵੱਲੀ ਨਜ਼ਰ ਦੀ ਉਡੀਕ 'ਚ ਦਮ ਤੋੜਦੀਆਂ ਸਿੱਖ ਰਾਜ ਦੀਆਂ ਅਹਿਮ ਨਿਸ਼ਾਨੀਆਂ
ਅਜੀਤ ਡੈਸਕ
06-05-2026