ਜਲੰਧਰ, (ਸ਼ਿਵ)-ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਬੰਬ ਧਮਾਕਿਆਂ ਨੂੰ ਲੈ ਕੇ ਮੁੱਖ ਮੰਤਰੀ ਵਲੋਂ ਭਾਜਪਾ 'ਤੇ ਦੋਸ਼ ਲਗਾਉਣ ਨੂੰ ਗ਼ਲਤ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਦੋਸ਼ ਸਸਤੀ ਤੇ ਹੋਛੀ ਸਿਆਸਤ ਦੇ ਸਬੂਤ ਹਨ ਅਤੇ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਹ ਦੋਸ਼ ਕਿਸ ਨੂੰ ਬਚਾਉਣ ਲਈ ਲਗਾਏ ਗਏ ਹਨ | ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਏਜੰਸੀ ਵਲੋਂ ਇਸ ਦੀ ਜਾਂਚ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਿਸ ਤਰ੍ਹਾਂ ਨਾਲ ਹਾਲਾਤ ਵਿਗੜੇ ਹਨ, ਉਨ੍ਹਾਂ ਤੋਂ ਲੱਗਦਾ ਹੈ ਕਿ 'ਆਪ' ਸਰਕਾਰ ਪੰਜਾਬ ਚਲਾਉਣ ਵਿਚ ਸਮਰੱਥ ਨਹੀਂ ਹੈ |