ਅੰਮਿ੍ਤਸਰ, 12 ਮਈ (ਸੁਰਿੰਦਰ ਕੋਛੜ)-ਮੱਧ ਪੂਰਬ ਸੰਘਰਸ਼ 'ਚ ਆਪਣੇ-ਆਪ ਨੂੰ ਵਿਚੋਲੇ ਵਜੋਂ ਪੇਸ਼ ਕਰ ਰਹੇ ਪਾਕਿਸਤਾਨ ਦੀ ਭੂਮਿਕਾ 'ਤੇ ਅਮਰੀਕੀ ਪ੍ਰਸ਼ਾਸਨ ਵਲੋਂ ਡੂੰਘਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ | ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੋਹਰੀ ਚਾਲ ਚੱਲ ਰਿਹਾ ਹੈ | ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿ ਵਲੋਂ ਪੇਸ਼ ਕੀਤੇ ਈਰਾਨ ਦੇ ਸ਼ਾਂਤੀ ਪ੍ਰਸਤਾਵ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ | ਰਿਪੋਰਟਾਂ ਅਨੁਸਾਰ ਟਰੰਪ ਦੇ ਕਰੀਬੀ ਲੋਕ ਈਰਾਨ ਅਤੇ ਅਮਰੀਕਾ ਵਿਚਕਾਰ ਪਾਕਿ ਦੀ ਵਿਚੋਲਗੀ ਬਾਰੇ ਚਿੰਤਤ ਹਨ | ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਪਾਕਿ ਈਰਾਨ ਨੂੰ ਸ਼ਾਂਤੀ ਪ੍ਰਕਿਰਿਆ ਪ੍ਰਤੀ ਟਰੰਪ ਦੀ ਨਾਰਾਜ਼ਗੀ ਨੂੰ ਸਹੀ ਢੰਗ ਨਾਲ ਨਹੀਂ ਦੱਸ ਰਿਹਾ | ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਪਾਕਿ ਅਮਰੀਕਾ ਨੂੰ ਈਰਾਨ ਦੀ ਸਥਿਤੀ ਨੂੰ ਹਕੀਕਤ ਨਾਲੋਂ ਵਧੇਰੇ ਸਕਾਰਾਤਮਕ ਬਣਾ ਕੇ ਪੇਸ਼ ਕਰ ਰਿਹਾ ਹੈ | ਇਸ ਦੌਰਾਨ ਅਮਰੀਕੀ ਮੀਡੀਆ ਰਿਪੋਰਟਾਂ ਨੇ ਪਾਕਿਸਤਾਨ ਦੀ ਦੋਹਰੀ ਖੇਡ ਦੇ ਕਈ ਸਬੂਤ ਵੀ ਪੇਸ਼ ਕੀਤੇ ਹਨ |