ਪਟਿਆਲਾ, 13 ਮਈ (ਗੁਰਪ੍ਰੀਤ ਸਿੰਘ ਚੱਠਾ)-ਸਿੱਖ ਪੰਥਕ ਰਾਜਨੀਤੀ ਵਿਚ ਉੱਚੇ ਕੱਦ ਅਤੇ ਇਮਾਨਦਾਰ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ | ਜਾਣਕਾਰੀ ਮੁਤਾਬਿਕ ਸੁਰਜੀਤ ਸਿੰਘ ਰੱਖੜਾ ਦੀ ਸ਼ਮੂਲੀਅਤ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 1-2 ਦਿਨਾਂ ਅੰਦਰ ਰੱਖੜਾ ਵਿਲਾ ਵਿਖੇ ਕਰਵਾਈ ਜਾਵੇਗੀ | ਸਿਆਸੀ ਵਰਗਾਂ ਵਿਚ ਇਸ ਫ਼ੈਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਪੁਨਰ ਸੁਰਜੀਤ ਲਈ ਜਿੱਥੇ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ, ਉੱਥੇ ਹੀ ਆਮ ਆਦਮੀ ਪਾਰਟੀ ਲਈ ਇਸਨੂੰ ਵੱਡੀ ਸਿਆਸੀ ਮਜ਼ਬੂਤੀ ਮੰਨਿਆ ਜਾ ਰਿਹਾ ਹੈ | ਸੁਰਜੀਤ ਸਿੰਘ ਰੱਖੜਾ ਲੰਮੇ ਸਮੇਂ ਤੋਂ ਸਮਾਣਾ ਹਲਕੇ ਵਿਚ ਅਕਾਲੀ ਸਿਆਸਤ ਦਾ ਅਹਿਮ ਚਿਹਰਾ ਰਹੇ ਹਨ ਤੇ ਉਹ ਕਈ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰਦੇ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਿਆਸਤ ਵਿਚ ਪਏ ਪਾੜ ਤੋਂ ਬਾਅਦ ਸੁਰਜੀਤ ਸਿੰਘ ਰੱਖੜਾ ਅਕਾਲੀ ਦਲ ਪੁਨਰ ਸੁਰਜੀਤ ਵਿਚ ਸ਼ਾਮਿਲ ਹੋ ਗਏ ਸਨ, ਜਿੱਥੇ ਉਨ੍ਹਾਂ ਨੂੰ ਸੀਨੀਅਰ ਆਗੂ ਵਜੋਂ ਮਹੱਤਵਪੂਰਨ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਸਨ | ਉਨ੍ਹਾਂ ਦੀ ਸ਼ਮੂਲੀਅਤ ਨੂੰ ਲੈਕੇ ਭਾਵੇਂ ਅਜੇ ਦੋ ਦਿਨਾਂ ਦਾ ਸਮਾਂ ਦੱਸਿਆ ਜਾ ਰਿਹਾ ਹੈ ਪਰ ਇਹ ਖ਼ਬਰਾਂ ਵੀ ਹਨ ਕਿ ਭਗਵੰਤ ਮਾਨ ਕਿਸੇ ਵਕਤ ਵੀ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰ ਸਕਦੇ ਹਨ |
ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ 'ਚ ਹੋਣਗੇ ਸ਼ਾਮਿਲ ਮੁੱਖ ਮੰਤਰੀ ਭਗਵੰਤ ਮਾਨ ਕਰਵਾਉਣਗੇ ਸ਼ਮੂਲੀਅਤ <br/>
ਅਜੀਤ ਡੈਸਕ
14-05-2026