• ਕੇਂਦਰ ਨੇ ਵਧਾਈ ਸਬਸਿਡੀ ਅਤੇ ਐਮਰਜੈਂਸੀ ਆਯਾਤ ਤੇਜ਼ ਕੀਤੇ • ਪ੍ਰਧਾਨ ਮੰਤਰੀ ਵਲੋਂ ਕੁਦਰਤੀ ਖੇਤੀ ਕਰਨ 'ਤੇ ਜ਼ੋਰ
ਮੂਨਕ, 13 ਮਈ (ਕੇਵਲ ਸਿੰਗਲਾ)-ਹੋਰਮੁਜ਼ ਵਿਚ ਜਾਰੀ ਤਣਾਅ ਤੇ ਪੱਛਮੀ ਏਸ਼ੀਆ ਸੰਕਟ ਕਾਰਨ ਭਾਰਤ ਦੇ ਖਾਦ ਖੇਤਰ 'ਤੇ ਦਬਾਅ ਵਧ ਗਿਆ ਹੈ | ਯੂਰੀਆ, ਡੀ.ਏ.ਪੀ., ਐਮੋਨੀਆ ਤੇ ਐਲ.ਐਨ.ਜੀ. ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿਚ ਤੇਜ਼ ਵਾਧੇ ਕਾਰਨ ਖ਼ਰੀਫ਼ ਸੀਜ਼ਨ ਤੋਂ ਪਹਿਲਾਂ ਸਰਕਾਰ ਨੇ ਐਮਰਜੈਂਸੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ | ਸਰਕਾਰੀ ਅੰਕੜਿਆਂ ਅਨੁਸਾਰ ਯੂਰੀਆ ਦੀ ਅੰਤਰਰਾਸ਼ਟਰੀ ਕੀਮਤ 2026 ਦੀ ਸ਼ੁਰੂਆਤ ਵਿਚ ਕਰੀਬ 510 ਡਾਲਰ ਪ੍ਰਤੀ ਟਨ ਸੀ, ਜੋ ਅਪ੍ਰੈਲ ਤੱਕ ਵਧ ਕੇ 950 ਡਾਲਰ ਪ੍ਰਤੀ ਟਨ ਦੇ ਨੇੜੇ ਪਹੁੰਚ ਗਈ ਮਤਲਬ ਕਿ 90,000 ਰੁਪਏ ਪ੍ਰਤੀ ਟਨ ਅਤੇ 4200 ਰੁਪਏ ਪ੍ਰਤੀ ਥੈਲਾ (45 ਕਿੱਲੋਗਰਾਮ) ਡੀ.ਏ.ਪੀ. ਤੇ ਹੋਰ ਫਾਸਫੇਟਿਕ ਖਾਦਾਂ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਹੋਇਆ ਹੈ | ਭਾਰਤ ਆਪਣੀ ਲੋੜ ਦੀ ਲਗਭਗ 85 ਫ਼ੀਸਦੀ ਕੁਦਰਤੀ ਗੈੱਸ ਆਯਾਤ ਕਰਦਾ ਹੈ ਤੇ ਇਸ ਵਿਚੋਂ ਕਰੀਬ 60 ਫ਼ੀਸਦੀ ਸਪਲਾਈ ਹੋਰਮੁਜ਼ ਜਲ ਡਮਰੂ ਰਾਹੀਂ ਆਉਂਦੀ ਹੈ | ਸਪਲਾਈ ਪ੍ਰਭਾਵਿਤ ਹੋਣ ਨਾਲ ਕਈ ਖਾਦ ਕਾਰਖ਼ਾਨਿਆਂ ਦੀ ਉਤਪਾਦਨ ਸਮਰਥਾ ਘਟੀ, ਹਾਲਾਂਕਿ ਸਰਕਾਰ ਨੇ ਮਈ ਮਹੀਨੇ ਲਈ 34 ਲੱਖ ਟਨ ਖਾਦ ਉਤਪਾਦਨ ਦਾ ਟੀਚਾ ਰੱਖਿਆ ਹੈ | ਖੇਤੀਬਾੜੀ ਵਿਭਾਗ ਮੁਤਾਬਕ ਖ਼ਰੀਫ਼ ਮੌਸਮ ਲਈ ਕੁੱਲ ਖਾਦ ਦੀ ਲੋੜ 390.54 ਲੱਖ ਮੀਟਿ੍ਕ ਟਨ ਅੰਕਿਤ ਕੀਤੀ ਗਈ ਹੈ, ਜਦਕਿ ਮੌਜੂਦਾ ਸਟਾਕ ਕਰੀਬ 199.65 ਲੱਖ ਮੀਟਿ੍ਕ ਟਨ ਹੈ | ਯੂਰੀਆ ਦੀ ਲੋੜ 1.94 ਕਰੋੜ ਟਨ ਰਹਿਣ ਦੀ ਸੰਭਾਵਨਾ ਹੈ | ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਖ਼ਰੀਫ਼ ਸੀਜ਼ਨ ਦੌਰਾਨ ਕਿਸਾਨਾਂ ਨੂੰ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਸਰਕਾਰ ਨੇ ਇੰਡੀਅਨ ਪੋਟਾਸ਼ ਲਿਮਟਡ ਰਾਹੀਂ 25 ਲੱਖ ਟਨ ਯੂਰੀਆ ਦੀ ਐਮਰਜੈਂਸੀ ਆਯਾਤ ਪ੍ਰਕਿਰਿਆ ਸ਼ੁਰੂ ਕੀਤੀ ਹੈ ਤੇ ਖਾਦ ਕੰਪਨੀਆਂ ਨੂੰ ਵਾਧੂ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ | ਕੇਂਦਰੀ ਮੰਤਰੀ ਮੰਡਲ ਨੇ ਖ਼ਰੀਫ਼ 2026 ਲਈ ਫਾਸਫੇਟਿਕ ਅਤੇ ਪੋਟਾਸ਼ਿਕ ਖਾਦਾਂ 'ਤੇ 41,534 ਕਰੋੜ ਰੁਪਏ ਦੀ ਸਬਸਿਡੀ ਮਨਜ਼ੂਰ ਕੀਤੀ ਹੈ, ਜੋ ਪਿਛਲੇ ਸਾਲ ਨਾਲੋਂ ਲਗਭਗ 12 ਫ਼ੀਸਦੀ ਵੱਧ ਹੈ | ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਗਲੋਬਲ ਸੰਕਟ ਦੇ ਮੱਦੇਨਜ਼ਰ ਸੰਯਮ ਵਰਤਣ ਦੀ ਅਪੀਲ ਕਰਦੇ ਹੋਏ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ 25 ਤੋਂ 50 ਫ਼ੀਸਦੀ ਤੱਕ ਘਟਾ ਕੇ ਕੁਦਰਤੀ ਖੇਤੀ ਵੱਲ ਵਧਣ ਲਈ ਕਿਹਾ ਹੈ |
ਹੋਰਮੁਜ਼ ਸੰਕਟ ਚਲਦੇ ਕੌਮਾਂਤਰੀ ਪੱਧਰ ਤੇ ਯੂਰੀਆ-ਡੀ.ਏ.ਪੀ. ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ
ਅਜੀਤ ਡੈਸਕ
14-05-2026