ਚੰਡੀਗੜ੍ਹ, 14 ਮਈ (ਕਪਿਲ ਵਧਵਾ)-ਪੰਜਾਬੀ ਅਦਾਕਾਰ ਯੋਗਰਾਜ ਸਿੰਘ ਵਲੋਂ ਇਕ ਵੈੱਬ-ਸੀਰੀਜ਼ ਵਿਚ ਮਹਿਲਾਵਾਂ ਪ੍ਰਤੀ ਬੋਲੇ ਗਏ ਵਿਵਾਦਿਤ ਡਾਇਲਾਗ ਨੂੰ ਲੈ ਕੇ ਛਿੜੇ ਵਿਵਾਦ ਮਗਰੋਂ ਚੰਡੀਗੜ੍ਹ ਪੁਲਿਸ ਵਲੋਂ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ | ਜਿੱਥੇ ਅੱਜ ਸਵੇਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵਲੋਂ ਯੋਗਰਾਜ ਸਿੰਘ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਉਣ ਦੀ ਗੱਲ ਕਹੀ ਗਈ ਸੀ, ਓਥੇ ਹੀ ਚੰਡੀਗੜ੍ਹ ਪੁਲਿਸ ਵਲੋਂ ਇਹ ਕਾਰਵਾਈ ਪਹਿਲਾਂ ਅਮਲ ਵਿਚ ਲਿਆਂਦੀ ਗਈ | ਪੁਲਿਸ ਵਲੋਂ ਸ਼ਿਕਾਇਤਕਰਤਾ ਵਕੀਲ ਅਤੇ ਖ਼ਜ਼ਾਨਚੀ ਜ਼ਿਲ੍ਹਾ ਬਾਰ ਐਸੋਸੀਏਸ਼ਨ, ਚੰਡੀਗੜ੍ਹ ਸੈਕਟਰ-43 ਤੇ ਵਕੀਲ ਜਤਿਨ ਵਰਮਾ ਦੀ ਸ਼ਿਕਾਇਤ ਨੂੰ ਆਧਾਰ ਬਣਾਉਂਦਿਆਂ ਥਾਣਾ ਸੈਕਟਰ-36 ਵਿਖੇ ਬੀ. ਐਨ. ਐਸ. ਦੀ ਧਾਰਾ 79 ਅਤੇ ਆਈ. ਟੀ. ਐਕਟ ਦੀ ਧਾਰਾ 67-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਸੂਤਰਾਂ ਅਨੁਸਾਰ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਯੋਗਰਾਜ ਸਿੰਘ ਨੂੰ ਸਿੱਧੇ ਤੌਰ 'ਤੇ ਨਾਮਜ਼ਦ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਵੈੱਬ-ਸੀਰੀਜ਼/ਫ਼ਿਲਮ ਦੀ ਟੀਮ ਨਾਲ ਜੁੜੇ ਹੋਰ ਵਿਅਕਤੀਆਂ, ਜਿਨ੍ਹਾਂ ਵਿਚ ਨਿਰਦੇਸ਼ਕ ਆਦਿ ਸ਼ਾਮਿਲ ਦੱਸੇ ਜਾ ਰਹੇ ਹਨ, ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਵਿਵਾਦਿਤ ਡਾਇਲਾਗ ਨਾਲ ਸੰਬੰਧਿਤ ਡਿਜੀਟਲ ਸਮੱਗਰੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ |
ਇਤਰਾਜ਼ਯੋਗ ਡਾਇਲਾਗ ਰਾਹੀਂ ਪ੍ਰਸਿੱਧੀ ਹਾਸਿਲ ਕਰਨ 'ਤੇ ਤੁਲੇ ਵੈੱਬ-ਸੀਰੀਜ਼ ਨਿਰਮਾਤਾ
ਓ. ਟੀ. ਟੀ. ਪਲੇਟਫਾਰਮਾਂ 'ਤੇ ਵਧ ਰਹੇ ਮੁਕਾਬਲੇ ਵਿਚ ਕਈ ਵੈੱਬ-ਸੀਰੀਜ਼ ਨਿਰਮਾਤਾ ਹੁਣ ਇਤਰਾਜ਼ਯੋਗ ਡਾਈਲੋਗਾਂ ਤੇ ਵਿਵਾਦਤ ਸਮੱਗਰੀ ਰਾਹੀਂ ਸਸਤੀ ਪ੍ਰਸਿੱਧੀ ਹਾਸਿਲ ਕਰਨ ਦੇ ਰਾਹ 'ਤੇ ਤੁਰ ਪਏ ਹਨ | ਵੈੱਬ-ਸੀਰੀਜ਼ 'ਲੁਖੇ' ਦੌਰਾਨ ਪ੍ਰਸਿੱਧ ਕਲਾਕਾਰ ਯੋਗਰਾਜ ਸਿੰਘ ਵਲੋਂ ਔਰਤਾਂ ਪ੍ਰਤੀ ਕੀਤੇ ਗਏ ਵਿਵਾਦਤ ਸੰਵਾਦ ਨੂੰ ਲੈ ਕੇ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ | ਪੰਜਾਬੀ ਇੰਡਸਟਰੀ ਨਾਲ ਜੁੜੇ ਬੁੱਧੀਜੀਵੀਆਂ, ਸਮਾਜਿਕ ਸੰਗਠਨਾਂ ਅਤੇ ਆਮ ਲੋਕਾਂ ਵਲੋਂ ਇਸ ਬਿਆਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਜਾ ਰਹੀ ਹੈ | ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਸਿਰਫ਼ ਭਾਸ਼ਾ ਹੀ ਨਹੀਂ, ਸਗੋਂ ਇਸ ਵੈੱਬ-ਸੀਰੀਜ਼ ਰਾਹੀਂ ਸੂਬਾ ਪੰਜਾਬ ਦੀ ਕਿਰਦਾਰਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ | ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਵੈੱਬ-ਸੀਰੀਜ਼ ਦੀ ਟੀਮ ਆਪਣਾ ਬਚਾਅ ਕਰਦਿਆਂ ਇਹ ਦਲੀਲ ਦੇ ਸਕਦੀ ਹੈ ਕਿ ਸਮੱਗਰੀ ਨੂੰ 'ਏ' ਕੈਟਾਗਰੀ ਅਧੀਨ ਮਨਜ਼ੂਰੀ ਦਿੱਤੀ ਗਈ ਸੀ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਕਲਿੱਪਾਂ ਨੂੰ ਸੰਦਰਭ ਤੋਂ ਬਾਹਰ ਪੇਸ਼ ਕੀਤਾ ਜਾ ਰਿਹਾ ਹੈ |
ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ
ਐੱਸ. ਏ. ਐੱਸ. ਨਗਰ, 14 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬੀ ਅਦਾਕਾਰ ਯੋਗਰਾਜ ਸਿੰਘ ਖਿਲਾਫੇ ਐਡਵੋਕੇਟ ਉੱਜਵਲ ਭਸੀਨ ਵਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਇਸ ਮਾਮਲੇ ਦਾ ਸੂ-ਮੋਟੋ ਨੋਟਿਸ ਲਿਆ ਗਿਆ ਹੈ। ਇਸ ਸੰਬੰਧੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਾਪਤ ਸ਼ਿਕਾਇਤ ਤੇ ਵੀਡੀਓ 'ਤੇ ਮਹਿਲਾਵਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ, 2001 ਤਹਿਤ ਸੂ-ਮੋਟੋ ਲੈਂਦੇ ਹੋਏ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਪੁਲਿਸ ਹੈੱਡ ਕੁਆਟਰ ਚੰਡੀਗੜ੍ਹ ਨੂੰ ਪ੍ਰਾਪਤ ਸ਼ਿਕਾਇਤ ਤੇ ਵੀਡੀਓ ਭੇਜਦੇ ਹੋਏ ਲਿਖਿਆ ਹੈ ਕਿ ਇਸ ਕੇਸ 'ਤੇ ਤੁਰੰਤ ਪੜਤਾਲ ਕਰਵਾਉਂਦੇ ਹੋਏ ਵੈਬ-ਸੀਰੀਜ਼ ਨਾਲ ਜੁੜੇ ਅਦਾਕਾਰਾਂ, ਲੇਖਕ, ਨਿਰਦੇਸ਼ਕ, ਨਿਰਮਾਤਾ ਅਤੇ ਹੋਰ ਸੰਬੰਧਿਤਾਂ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ।
ਯੋਗਰਾਜ ਸਿੰਘ ਦੇ ਵਿਵਾਦਿਤ ਡਾਇਲਾਗ ਮਾਮਲੇ 'ਚ ਐੱਫ. ਆਈ. ਆਰ. ਦਰਜ <br/>
ਅਜੀਤ ਡੈਸਕ
15-05-2026