ਚੰਡੀਗੜ੍ਹ, 14 ਮਈ (ਸੰਦੀਪ ਕੁਮਾਰ ਮਾਹਨਾ)ਪੰਜਾਬ 'ਚ ਹੋਣ ਵਾਲੀਆਂ ਸਥਾਨਕ ਸਰਕਾਰ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਹੋਰਨਾਂ ਸਿਆਸੀ ਪਾਰਟੀਆਂ ਤੋਂ ਪਹਿਲਾਂ ਚੋਣੀ ਮੈਦਾਨ ਵਿਚ ਉੱਤਰਦਿਆਂ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ | ਭਾਜਪਾ ਦੇ ਇਸ ਕਦਮ ਨੂੰ ਚੋਣ ਰਣਨੀਤੀ ਤਹਿਤ ਵੱਡੀ ਸਿਆਸੀ ਬਾਜ਼ੀ ਵਜੋਂ ਵੇਖਿਆ ਜਾ ਰਿਹਾ ਹੈ | ਭਾਜਪਾ ਆਗੂਆਂ ਦਾ ਦਾਅਵਾ ਹੈ ਕਿ ਪਾਰਟੀ ਇਸ ਵਾਰ ਸਥਾਨਕ ਚੋਣਾਂ ਵਿਚ ਵਿਕਾਸ, ਸਾਫ਼-ਸੁਥਰੇ ਪ੍ਰਸ਼ਾਸਨ ਅਤੇ ਸ਼ਹਿਰੀ ਸੁਵਿਧਾਵਾਂ ਦੇ ਮੁੱਦੇ 'ਤੇ ਲੋਕਾਂ ਵਿਚ ਜਾ ਰਹੀ ਹੈ | ਭਾਜਪਾ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਨਗਰ ਨਿਗਮ ਦੀਆਂ ਚੋਣਾਂ ਲਈ ਪਠਾਨਕੋਟ ਤੋਂ 47, ਅਬੋਹਰ ਤੋਂ 50, ਬਠਿੰਡਾ ਤੋਂ 28, ਬਰਨਾਲਾ ਤੋਂ 29 ਅਤੇ ਨਗਰ ਕੌਂਸਲ ਦੀਆਂ ਚੋਣਾਂ ਲਈ ਜ਼ੀਰਕਪੁਰ ਤੋਂ 31, ਡੇਰਾਬੱਸੀ ਤੋਂ 17, ਨਯਾਂ ਗਾਂਵ ਤੋਂ 21, ਫਿਰੋਜ਼ਪੁਰ ਤੋਂ 27, ਬੱਸੀ ਪਠਾਣਾ ਤੋਂ 14, ਫ਼ਤਿਹਗੜ੍ਹ ਚੂੜੀਆਂ ਤੋਂ 11, ਜ਼ੀਰਾ ਤੋਂ 16, ਸੁਜ਼ਾਨਪੁਰ ਤੋਂ 12, ਮਾਲੇਰਕੋਟਲਾ ਤੋਂ 17, ਮੋਰਿੰਡਾ ਤੋਂ 11, ਰੋਪੜ ਤੋਂ 14, ਸਰਹਿੰਦ ਤੋਂ 20, ਖਮਾਣੋ ਤੋਂ 10, ਨੰਗਲ ਤੋਂ 13, ਦਸੂਆ ਤੋਂ 8 ਅਤੇ ਨਗਰ ਪੰਚਾਇਤ ਚੋਣਾਂ ਲਈ ਸ਼੍ਰੀ ਚਮਕੌਰ ਸਾਹਿਬ ਤੋਂ 8 ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕੀਤਾ ਗਿਆ ਹੈ | ਉੱਧਰ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਅਜੇ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ |