ਚੰਡੀਗੜ੍ਹ, 20 ਮਈ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਨੇ ਅੱਜ ਸੂਬਾ ਚੋਣ ਕਮਿਸ਼ਨ ਕੋਲ ਮਜੀਠਾ ਦੇ ਡੀ.ਐਸ.ਪੀ. ਵਲੋਂ ਪਾਰਟੀ ਦੇ ਐਮ.ਐਲ.ਏ. ਗਨੀਵ ਕੌਰ ਮਜੀਠੀਆ ਨਾਲ ਬਦਸਲੂਕੀ ਦੀ ਸ਼ਿਕਾਇਤ ਦਰਜ ਕਰਵਾਈ ਤੇ ਮੰਗ ਕੀਤੀ ਕਿ ਉਸ ਦਾ ਫ਼ੌਰੀ ਤਬਾਦਲਾ ਕੀਤਾ ਜਾਵੇ ਤੇ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਚੋਣ ਕਮਿਸ਼ਨਰ ਸ੍ਰੀ ਰਾਜ ਕਮਲ ਚੌਧਰੀ ਨੂੰ ਸ਼ਿਕਾਇਤ ਦੇਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਡੀ.ਐਸ.ਪੀ. ਕਮਲਮੀਤ ਸਿੰਘ ਨੇ ਹਲਕੇ ਦੇ ਚੁਣੇ ਹੋਏ ਐਮ.ਐਲ.ਏ. ਨਾਲ ਬਦਸਲੂਕੀ ਕੀਤੀ ਜਿਸ ਦੀ ਵੀਡੀਓ ਵੀ ਜਨਤਕ ਹੈ | ਸ. ਕਲੇਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿਚ ਨਾਮਜ਼ਦਗੀ ਪੱਤਰਾਂ ਦੀ ਘੋਖ ਦੇ ਦਿਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਪ੍ਰਤੀਨਿਧਾਂ ਨੂੰ ਸਿਖ਼ਰ ਦੁਪਹਿਰੇ 2.00 ਵਜੇ ਤੱਕ ਧੁੱਪ ਵਿਚ ਖੜ੍ਹਾ ਰੱਖਿਆ ਗਿਆ ਤੇ ਐਸ. ਡੀ. ਐਮ. ਨੇ ਘੋਖ ਦੇ ਨਤੀਜੇ 8.00 ਵਜੇ ਦੱਸੇ | ਉਨ੍ਹਾਂ ਕਿਹਾ ਕਿ ਦੂਜੇ ਪਾਸੇ 'ਆਪ' ਦੇ ਉਮੀਦਵਾਰਾਂ ਨੇ ਸ਼ਾਮ 6.00 ਵਜੇ ਹੀ ਆਪਣੇ ਆਪ ਨੂੰ 'ਬਿਨਾ ਮੁਕਾਬਲਾ ਜੇਤੂ' ਕਰਾਰ ਦੇ ਦਿੱਤਾ | ਕਲੇਰ ਨੇ ਸੂਬਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਅਫਸਰਾਂ ਨੂੰ 'ਆਪ' ਆਗੂਆਂ ਦੇ ਹੁਕਮਾਂ 'ਤੇ ਗੈਰ ਕਾਨੂੰਨੀ ਕੰਮ ਕਰਨ ਤੋਂ ਰੋਕਿਆ ਜਾਵੇ |