ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਪਾਰਟੀ 'ਚ ਹਲਚਲ ਸ਼ੁਰੂ ਮਈ-ਜੂਨ 'ਚ ਹਾਈਕਮਾਨ ਵਲੋਂ ਕੀਤਾ ਜਾ ਸਕਦੈ ਨਵੇਂ ਪ੍ਰਧਾਨ ਦਾ ਐਲਾਨ <br/>
ਅਜੀਤ ਡੈਸਕ
23-05-2026
ਜਲੰਧਰ, 22 ਮਈ-ਪੰਜ ਰਾਜਾਂ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਜਿਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਪੱਛਮੀ ਬੰਗਾਲ ਦੀ ਇਤਿਹਾਸਕ ਜਿੱਤ ਤੋਂ ਬਾਅਦ ਭਾਜਪਾ ਹਾਈਕਮਾਨ ਇਸ ਵੇਲੇ ਕਾਫ਼ੀ ਉਤਸ਼ਾਹਿਤ ਹੈ ਤੇ ਹੁਣ ਹਾਈਕਮਾਨ ਦੀਆਂ ਨਜ਼ਰਾਂ ਪੰਜਾਬ ਦੇ ਮਿਸ਼ਨ-2027 ਵੱਲ ਲੱਗ ਗਈਆਂ ਹਨ ਤੇ ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਹਾਈਕਮਾਨ ਵਲੋਂ ਪੰਜਾਬ ਵਿਚ ਨਵਾਂ ਪ੍ਰਧਾਨ ਲਗਾਏ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਨਿਤਿਨ ਨਬੀਨ ਨੂੰ ਜੇ.ਪੀ. ਨੱਢਾ ਦੀ ਥਾਂ 'ਤੇ ਪਾਰਟੀ ਦੇ ਕੌਮੀ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਹੁਣ ਕਈ ਰਾਜਾਂ ਦੇ ਪ੍ਰਧਾਨ ਲਗਾਏ ਜਾਣ ਦੀ ਸੰਭਾਵਨਾ ਹੈ ਤੇ ਇਸੇ ਨੂੰ ਲੈ ਕੇ ਪੰਜਾਬ ਭਾਜਪਾ ਵਿਚ ਨਵੇਂ ਪ੍ਰਧਾਨ ਲਈ ਹਲਚਲ ਤੇਜ਼ ਹੋ ਗਈ ਦੱਸੀ ਜਾ ਰਹੀ ਹੈ | ਪ੍ਰਧਾਨਗੀ ਦੇ ਕਈ ਦਾਅਵੇਦਾਰ ਆਗੂ ਹੁਣ ਅੰਦਰਖਾਤੇ ਕਾਫ਼ੀ ਸਰਗਰਮ ਦੇਖੇ ਜਾ ਰਹੇ ਹਨ | ਸੂਤਰਾਂ ਦੀ ਮੰਨੀਏ ਤਾਂ ਹਾਈਕਮਾਨ ਵਲੋਂ 26 ਮਈ ਤੋਂ ਬਾਅਦ ਨਵੇਂ ਭਾਜਪਾ ਪ੍ਰਧਾਨ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ | ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਕਾਰਜਕਾਲ ਵੀ ਜੁਲਾਈ-ਅਗਸਤ ਵਿਚ ਖ਼ਤਮ ਹੋ ਰਿਹਾ ਹੈ | ਇਸ ਵੇਲੇ ਪੰਜਾਬ ਭਾਜਪਾ ਪ੍ਰਧਾਨ ਦਾ ਕੰਮਕਾਜ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਵਜੋਂ ਅਸ਼ਵਨੀ ਸ਼ਰਮਾ ਕੰਮ ਦੇਖ ਰਹੇ ਹਨ | ਭਾਜਪਾ ਹਾਈਕਮਾਨ ਲਈ ਪੰਜਾਬ ਮਿਸ਼ਨ -2027 ਕਾਫ਼ੀ ਅਹਿਮ ਹੈ | ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਦਾ ਸੁਫ਼ਨਾ ਪਾਰਟੀ ਲੰਬੇ ਸਮੇਂ ਤੋਂ ਦੇਖ ਰਹੀ ਹੈ ਤੇ ਪੱਛਮੀ ਬੰਗਾਲ ਦੀ ਜਿੱਤ ਤੋਂ ਬਾਅਦ ਉਸ ਨੂੰ ਇਹ ਸੁਫ਼ਨਾ ਪੂਰਾ ਹੋਣ ਦੀ ਸੰਭਾਵਨਾ ਵੀ ਲੱਗ ਰਹੀ ਹੈ | ਹੁਣ ਮਿਸ਼ਨ-2027 ਦੇ ਮੱਦੇਨਜ਼ਰ ਹਾਈਕਮਾਨ ਵਲੋਂ ਜਿਸ ਆਗੂ ਨੂੰ ਪ੍ਰਧਾਨ ਬਣਾਇਆ ਜਾਣਾ ਹੈ, ਉਹ ਸਾਰਿਆਂ ਲਈ ਹੈਰਾਨੀ ਵਾਲਾ ਹੋਵੇਗਾ | ਪ੍ਰਧਾਨਗੀ ਨੂੰ ਲੈ ਕੇ ਇਸ ਵਾਰ ਕਈ ਸਰਗਰਮ ਸਿੱਖ ਆਗੂਆਂ 'ਤੇ ਲੋਕਾਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ | ਉਂਜ ਪੰਜਾਬ ਭਾਜਪਾ ਪ੍ਰਧਾਨ ਲਈ ਕਈ ਸਿੱਖ ਆਗੂ ਹਾਈਕਮਾਨ ਦੀ ਪਹਿਲੀ ਪਸੰਦ ਦੱਸੇ ਜਾ ਰਹੇ ਹਨ | ਪੰਜਾਬ ਵਿਚ ਨਵਾਂ ਪ੍ਰਧਾਨ ਲਗਾਉਣ ਤੋਂ ਬਾਅਦ ਕਈ ਜ਼ਿਲਿ੍ਹਆਂ 'ਚ ਕਈ ਨਵੇਂ ਪ੍ਰਧਾਨ ਸਿੱਧੇ ਹੀ ਲਗਾਏ ਜਾਣ ਦੀ ਪ੍ਰਕਿਰਿਆ ਵੀ ਅਮਲ ਵਿਚ ਲਿਆਂਦੀ ਜਾਵੇਗੀ ਕਿਉਂਕਿ ਪੰਜਾਬ ਵਿਚ ਪਾਰਟੀ ਦੇ 33 ਜ਼ਿਲਿ੍ਹਆਂ ਵਿਚ ਚੋਣਾਂ ਰਾਹੀਂ 50 ਫ਼ੀਸਦੀ ਦੇ ਕਰੀਬ ਪ੍ਰਧਾਨ ਬਣ ਚੁੱਕੇ ਹਨ ਤੇ ਹੁਣ ਜਿਨ੍ਹਾਂ ਜ਼ਿਲਿ੍ਹਆਂ ਵਿਚ ਪ੍ਰਧਾਨ ਬਣਨ ਤੋਂ ਰਹਿ ਗਏ ਹਨ, ਉਨ੍ਹਾਂ ਜ਼ਿਲਿ੍ਹਆਂ ਵਿਚ ਨਵੇਂ ਪੰਜਾਬ ਪ੍ਰਧਾਨ ਵਲੋਂ ਸਿੱਧੇ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ |