ਚੰਡੀਗੜ੍ਹ, 22 ਮਈ (ਅਜੀਤ ਬਿਊਰੋ)- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਰਤ ਸਰਕਾਰ ਵਲੋਂ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਤੋਂ ਲਗਭਗ 2.87 ਲੱਖ ਕਰੋੜ ਦਾ ਬੇਮਿਸਾਲ ਲਾਭਅੰਸ਼ (ਡਿਵੀਡੈਂਡ) ਲੈਣ 'ਤੇ ਗੰਭੀਰ ਚਿੰਤਾ ਪ੍ਰਗਟਾਈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਆਰ.ਬੀ.ਆਈ. ਦੇ ਰਾਖਵੇਂ ਫ਼ੰਡਾਂ ਨੂੰ ਬਹੁਤ ਜ਼ਿਆਦਾ ਕੱਢਣ ਨਾਲ ਦੇਸ਼ ਦੀ ਲੰਬੇ ਸਮੇਂ ਦੀ ਆਰਥਿਕ ਲਚਕਤਾ ਕਮਜ਼ੋਰ ਹੋ ਸਕਦੀ ਹੈ ਅਤੇ ਕੇਂਦਰੀ ਬੈਂਕ ਦੀ ਮਜ਼ਬੂਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ | ਇਨ੍ਹਾਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿ ਆਰ.ਬੀ.ਆਈ. ਨੇ ਕੇਂਦਰੀ ਬੈਂਕ ਦੀ ਲਗਭਗ 4 ਲੱਖ ਕਰੋੜ ਦੀ ਕੁੱਲ ਆਮਦਨ ਵਿਚੋਂ ਲਗਭਗ 2.87 ਲੱਖ ਕਰੋੜ ਕੇਂਦਰ ਸਰਕਾਰ ਨੂੰ ਤਬਦੀਲ ਕੀਤੇ ਹਨ, ਵਿੱਤ ਮੰਤਰੀ ਨੇ ਕਿਹਾ ਕਿ ਇਹ ਆਰ.ਬੀ.ਆਈ. ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸਰਕਾਰ ਨੂੰ ਕੀਤੇ ਗਏ ਸਭ ਤੋਂ ਵੱਧ ਲਾਭਅੰਸ਼ ਤਬਾਦਲਿਆਂ ਵਿਚੋਂ ਇਕ ਹੈ | ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਆਮ ਨਾਗਰਿਕ ਪਹਿਲਾਂ ਹੀ ਤੇਲ ਦੀਆਂ ਉਚੀਆਂ ਕੀਮਤਾਂ, ਮਹਿੰਗਾਈ ਦੇ ਦਬਾਅ ਅਤੇ ਕਿਫ਼ਾਇਤੀ ਵਰਤਣ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਬੋਝ ਦਾ ਸਾਹਮਣਾ ਕਰ ਰਹੇ ਹਨ, ਇਹ ਅਸਾਧਾਰਨ ਤਬਾਦਲਾ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ |