ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੋ ਦਸੰਬਰ ਦੇ ਹੁਕਮਨਾਮੇ ਤੋਂ ਖੁਦ ਭਗੌੜੇ ਹੋਏ-ਆਗੂ
ਫ਼ਰੀਦਕੋਟ, 24 ਮਈ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਫ਼ਰੀਦਕੋਟ ਜਥੇਬੰਦੀ ਵਿਚ ਵੱਡਾ ਸਿਆਸੀ ਧਮਾਕਾ ਉਸ ਵੇਲੇ ਹੋਇਆ ਜਦੋਂ ਜ਼ਿਲ੍ਹਾ ਪੱਧਰ ਦੇ ਕਈ ਅਹੁਦੇਦਾਰਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਅਹੁਦਿਆਂ ਤੋਂ ਸਮੂਹਿਕ ਅਸਤੀਫ਼ੇ ਦੇ ਦਿੱਤੇ | ਅੱਜ ਅਸਤੀਫ਼ਾ ਦੇਣ ਵਾਲਿਆਂ ਵਿਚ ਪ੍ਰਮੁੱਖ ਤੌਰ 'ਤੇ ਐਡਵੋਕੇਟ ਜੋਗਿੰਦਰ ਸਿੰਘ ਬਰਾੜ ਲੀਗਲ ਸੈੱਲ, ਐਡਵੋਕੇਟ ਕਰਮਜੀਤ ਸਿੰਘ ਭੰਗੇਵਾਲਾ ਲੀਗਲ ਸੈੱਲ, ਲਾਲਜੀਤ ਸਿੰਘ ਜਟਾਣਾ ਝੋਟੀਵਾਲਾ ਜ਼ਿਲ੍ਹਾ ਜਨਰਲ ਸਕੱਤਰ, ਬਲਦੇਵ ਸਿੰਘ ਨੰਬਰਦਾਰ ਮੀਤ ਪ੍ਰਧਾਨ ਸ਼ਹਿਰੀ, ਅਮਰਦੀਪ ਸਿੰਘ ਬਰਾੜ ਸਰਕਲ ਪ੍ਰਧਾਨ ਕੋਟਕਪੂਰਾ ਸ਼ਹਿਰੀ ਸ਼ਾਮਿਲ ਹਨ | ਇਹ ਅਸਤੀਫੇ ਸਮੂਹ ਸਟੇਟ ਡੈਲੀਗੇਟ ਦੇ ਨਾਮ ਭੇਜੇ ਗਏ ਹਨ | ਅਸਤੀਫ਼ਾ ਦੇਣ ਵਾਲੇ ਆਗੂਆਂ ਨੇ ਸਮੂਹਿਕ ਰੂਪ ਵਿਚ ਕਿਹਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਆਪ ਹੀ ਦੋ ਦਸੰਬਰ ਦੇ ਹੁਕਮਨਾਮੇ ਤੋਂ ਭਗੌੜੇ ਹਨ | ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਭਾਵਨਾਵਾਂ ਦਾ ਨਿੱਜ ਪ੍ਰਸਤ ਲਈ ਕਤਲ ਕੀਤਾ | ਆਗੂਆਂ ਨੇ ਦੋਸ਼ ਲਗਾਇਆ ਕਿ ਜਿਹੜੇ ਆਦੇਸ਼ਾਂ ਅਤੇ ਸਿਧਾਂਤਾਂ ਦੇ ਆਧਾਰ 'ਤੇ ਨਵੀਂ ਸਿਆਸੀ ਲਹਿਰ ਦੀ ਗੱਲ ਕੀਤੀ ਗਈ ਸੀ, ਅੱਜ ਉਨ੍ਹਾਂ ਤੋਂ ਹੀ ਮੂੰਹ ਮੋੜਿਆ ਜਾ ਰਿਹਾ ਹੈ | ਆਗੂਆਂ ਨੇ ਮੰਗ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਵੇ ਅਤੇ ਪੰਜ ਮੈਂਬਰੀ ਭਰਤੀ ਕਮੇਟੀ ਸੰਗਤ ਦੀਆਂ ਭਾਵਨਾਵਾਂ ਅਤੇ ਪੰਥਕ ਸੋਚ ਨੂੰ ਸਮਝਦਿਆਂ ਅਗਲਾ ਫ਼ੈਸਲਾ ਲਵੇ | ਉਨ੍ਹਾਂ ਕਿਹਾ ਕਿ ਉਹ ਪੰਥਕ ਸਿਧਾਂਤਾਂ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਲਈ ਪਹਿਲਾਂ ਵਾਂਗ ਡਟੇ ਰਹਿਣਗੇ |
ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਫ਼ਰੀਦਕੋਟ ਜਥੇਬੰਦੀ ਨੇ ਸਮੂਹਿਕ ਅਸਤੀਫ਼ੇ ਦਿੱਤੇ
ਅਜੀਤ ਡੈਸਕ
25-05-2026