ਫ਼ਾਜ਼ਿਲਕਾ, 25 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਤੇ ਬੀ.ਐਸ.ਐਫ. ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਚਲਾਈ ਗਈ ਇਕ ਸਾਂਝੇ ਤਲਾਸ਼ੀ ਮੁਹਿੰਮ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ | ਪੁਲਿਸ ਜਾਣਕਾਰੀ ਅਨੁਸਾਰ ਥਾਣਾ ਸਦਰ ਜਲਾਲਾਬਾਦ ਦੇ ਐੱਸ.ਐੱਚ.ਓ. ਜੁਗਰਾਜ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਇਸੇ ਦੌਰਾਨ ਬੀ.ਐੱਸ.ਐੱਫ. ਦੀ ਚੌਕੀ ਗੱਟੀ ਬੀਸੋ ਦੇ ਏ.ਸੀ. ਮੁਕੇਸ਼ ਕੁਮਾਰ ਨੇ ਫ਼ੋਨ 'ਤੇ ਸੂਚਨਾ ਦਿੱਤੀ ਕਿ ਪਿੰਡ ਪ੍ਰਭਾਤ ਸਿੰਘ ਵਾਲਾ ਹਿਠਾੜ ਦੀ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਖੇਤਾਂ ਵਿਚ ਇਕ ਸ਼ੱਕੀ ਗੱਟਾ ਪਿਆ ਹੋਇਆ ਹੈ | ਸੂਚਨਾ ਮਿਲਣ 'ਤੇ ਡੀ.ਐੱਸ.ਪੀ. ਸਬ ਡਿਵੀਜ਼ਨ ਜਲਾਲਾਬਾਦ ਗੁਰਸੇਵਕ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ | ਪੁਲਿਸ ਅਤੇ ਬੀ.ਐੱਸ.ਐੱਫ. ਦੀ ਪਾਰਟੀ ਨੇ ਜਦੋਂ ਸਾਂਝੇ ਤੌਰ 'ਤੇ ਉਸ ਸ਼ੱਕੀ ਗੱਟੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਸਫ਼ੇਦ ਰੰਗ ਦੇ ਪਾਰਦਰਸ਼ੀ ਲਿਫ਼ਾਫ਼ਿਆਂ ਵਿਚ ਲਿਪਟੇ ਹੋਏ ਹੈਰੋਇਨ ਦੇ 20 ਪੈਕਟ ਬਰਾਮਦ ਹੋਏ | ਬਰਾਮਦ ਕੀਤੀ ਗਈ ਇਸ ਹੈਰੋਇਨ ਦਾ ਕੁੱਲ ਵਜ਼ਨ 10 ਕਿੱਲੋ 950 ਗਰਾਮ ਪਾਇਆ ਗਿਆ | ਪੁਲਿਸ ਨੇ ਨਸ਼ੇ ਦੀ ਇਸ ਖੇਪ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਤਸਕਰਾਂ ਖ਼ਿਲਾਫ਼ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ ਤੇ ਤਸਕਰਾਂ ਦੀ ਭਾਲ ਕੀਤੀ ਜਾ ਰਹੀ ਹੈ | ਇਕ ਹੋਰ ਅਹਿਮ ਮਾਮਲੇ ਵਿਚ ਸੀ.ਆਈ.ਏ. ਸਟਾਫ਼ ਫ਼ਾਜ਼ਿਲਕਾ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਹੈਂਡ ਗਰਨੇਡ ਬਰਾਮਦ ਕੀਤਾ ਹੈ | ਫੜੇ ਗਏ ਮੁਲਜ਼ਮਾਂ ਦੀ ਪਛਾਣ ਲਖਵੀਰ ਸਿੰਘ ਉਰਫ਼ ਮੰਗਾ ਪੁੱਤਰ ਸੁਖਦੇਵ ਸਿੰਘ ਨਿਵਾਸੀ ਲੱਖੋ ਵਾਲੀ ਥਾਣਾ ਵੈਰੋਕਾ, ਗੁਰਪਿੰਦਰ ਸਿੰਘ ਉਰਫ਼ ਮੰਨਾ ਪੁੱਤਰ ਸਰਬਜੀਤ ਸਿੰਘ ਨਿਵਾਸੀ ਚੱਕ ਪੱਖੀ ਥਾਣਾ ਅਰਨੀਵਾਲਾ ਅਤੇ ਸੁਖਵਿੰਦਰ ਸਿੰਘ ਉਰਫ਼ ਲੱਬੀ ਪੁੱਤਰ ਲਛਮਣ ਸਿੰਘ ਨਿਵਾਸੀ ਲੱਖੋ ਵਾਲੀ ਥਾਣਾ ਵੈਰੋਕਾ ਵਜੋਂ ਹੋਈ ਹੈ | ਪੁਲਿਸ ਨੇ ਥਾਣਾ ਅਰਨੀਵਾਲਾ ਵਿਖੇ ਮਾਮਲਾ ਦਰਜ ਕੀਤਾ ਹੈ | ਪੁੱਛਗਿੱਛ ਦੌਰਾਨ ਇਕ ਹੋਰ ਸਾਥੀ ਸਲੀਮ ਨਿਵਾਸੀ ਚੱਕ ਪੱਖੀ ਦਾ ਪਤਾ ਲੱਗਣ 'ਤੇ ਉਸ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ |
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
ਅਜੀਤ ਡੈਸਕ
26-05-2026