ਪਟਿਆਲਾ, 25 ਮਈ (ਮਨਦੀਪ ਸਿੰਘ ਖਰੌੜ)-ਆਵਾਰਾ ਕੁੱਤਿਆਂ ਦਾ ਮਸਲਾ ਲਗਭਗ ਦੋ ਦਹਾਕਿਆਂ ਤੋਂ ਲਮਕਦਾ ਆ ਰਿਹਾ ਹੈ ਪਰ ਹਾਲੇ ਤੱਕ ਇਸ ਸਮੱਸਿਆ ਦਾ ਠੋਸ ਹੱਲ ਨਹੀਂ ਹੋ ਸਕਿਆ | ਜਿਸ ਕਰਕੇ ਮਾਣਯੋਗ ਅਦਾਲਤਾਂ ਇਸ ਸੰਬੰਧੀ ਆਦੇਸ਼ ਜਾਰੀ ਕਰਕੇ ਸੂਬਾ ਸਰਕਾਰਾਂ ਨੂੰ ਇਹ ਮਸਲਾ ਹੱਲ ਕਰਨ ਦੇ ਨਿਰਦੇਸ਼ ਦਿੰਦੀਆਂ ਹਨ | ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ 'ਚ ਹਰੇਕ ਸਾਲ 20 ਲੱਖ ਵਿਅਕਤੀਆਂ ਨੂੰ ਕੁੱਤੇ ਵੱਢਦੇ ਹਨ | ਪੰਜਾਬ 'ਚ ਲੰਘੇ ਵਰ੍ਹੇ ਸਵਾ 3 ਲੱਖ ਤੋਂ ਵੱਧ ਵਿਅਕਤੀਆਂ ਨੂੰ ਕੁੱਤਿਆਂ ਨੇ ਵੱਢਿਆ ਸੀ, ਜਦਕਿ ਮਗਰਲੇ ਦਹਾਕੇ ਦੌਰਾਨ 35 ਤੋਂ ਵੱਧ ਵਿਅਕਤੀਆਂ ਦੀ ਕੁੱਤਿਆਂ ਕਾਰਨ ਮੌਤ ਵੀ ਹੋ ਚੁੱਕੀ ਹੈ | ਸੂਬੇ ਦੇ ਸ਼ਹਿਰੀ ਅਤੇ ਦਿਹਾਤੀ ਖੇਤਰ ਆਵਾਰਾ ਕੁੱਤਿਆਂ ਦੀ ਭਰਮਾਰ ਹੋਣ ਕਾਰਨ ਬਜ਼ੁਰਗ ਅਤੇ ਬੱਚਿਆਂ ਨੂੰ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਲੱਗ ਪਏ ਹਨ | ਇਸ ਸੰਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਲਈ ਹਰ ਜ਼ਿਲੇ੍ਹ 'ਚ ਘਰ ਬਣਾਉਣ ਦੇ ਨਾਲ ਜਾਨਵਰ ਐਕਟ ਅਨੁਸਾਰ ਆਵਾਰਾ ਕੁੱਤਿਆਂ ਦਾ ਰੱਖ ਰਖਾਅ ਕਰਨਾ ਚਾਹੀਦਾ ਹੈ | ਇਹ ਕੇਵਲ ਸਰਕਾਰ ਦੀ ਨਹੀਂ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ | ਵੇਰਵਿਆਂ ਅਨੁਸਾਰ ਪੰਜਾਬ 'ਚ ਚਲੰਤ ਵਰ੍ਹੇ 50 ਹਜ਼ਾਰ ਤੋਂ ਵੱਧ ਕੁੱਤਿਆਂ ਦੇ ਵੱਢਣ ਦੇ ਕੇਸ ਸਾਹਮਣੇ ਆਏ ਹਨ | ਜਦਕਿ ਸਾਲ 2025 'ਚ ਇਹ ਅੰਕੜਾ 3,34,736, ਸਾਲ 2024 'ਚ 2,13,521, ਸਾਲ 2023 'ਚ 202,439 ਸਾਲ 2022 'ਚ 1,56, 133, ਸਾਲ 2021 'ਚ 1,26,842, ਸਾਲ 2020 'ਚ 1,10,472 ਸਾਲ 2019 ਦੌਰਾਨ 1 ਲੱਖ 35 ਹਜ਼ਾਰ ਵਿਅਕਤੀਆਂ ਨੂੰ ਕੁੱਤਿਆਂ ਨੇ ਵੱਢਿਆ ਸੀ, ਸਾਲ 2018 'ਚ 1 ਲੱਖ 13 ਹਜ਼ਾਰ , 2017 'ਚ 1 ਲੱਖ 12 ਹਜ਼ਾਰ ਅਤੇ ਸਾਲ 2016 'ਚ 1 ਲੱਖ 8 ਹਜ਼ਾਰ ਵਿਅਕਤੀਆਂ ਨੂੰ ਪੰਜਾਬ 'ਚ ਕੁੱਤਿਆਂ ਦੁਆਰਾ ਵੱਢਿਆ ਗਿਆ ਸੀ | ਡਾਕਟਰ ਦੱਸਦੇ ਨੇ ਕਿ ਕੁੱਤਿਆਂ ਦੇ ਵੱਢਣ ਦੀਆਂ ਤਿੰਨ ਕਿਸਮਾਂ, ਪਹਿਲੀ 'ਚ ਜੇ ਕੁੱਤਾ ਮਨੁੱਖ ਦੀ ਚਮੜੀ ਨੂੰ ਮੂੰਹ ਜਾਂ ਥੁੱਕ ਲਗਾ ਦੇਵੇ, ਦੂਜੀ 'ਚ ਕੁੱਤਾ ਚਮੜੀ 'ਤੇ ਖਰੋਚ ਮਾਰ ਦੇਵੇ ਅਤੇ ਤੀਜੀ ਕਿਸਮ 'ਚ ਕੁੱਤੇ ਦੇ ਵੱਢਣ ਨਾਲ ਇਨਸਾਨ ਦੀ ਚਮੜੀ ਕੱਟ ਜਾਂ ਖ਼ੂਨ ਨਿਕਲ ਆਵੇ | ਪਹਿਲੀਆਂ ਦੋ ਕਿਸਮਾਂ 'ਚ ਜ਼ਿਆਦਾਤਰ ਵਿਅਕਤੀ ਨੂੰ ਇਲਾਜ ਦੀ ਜ਼ਰੂਰਤ ਨਹੀਂ ਪੈਂਦੀ | ਪਰੰਤੂ ਤੀਜੀ ਕਿਸਮ 'ਚ ਵਿਅਕਤੀ ਨੂੰ ਤੁਰੰਤ ਡਾਕਟਰੀ ਇਲਾਜ ਦੀ ਜ਼ਰੂਰਤ ਹੁੰਦੀ ਹੈ | ਇਸ ਕਿਸਮ ਦਾ ਇਲਾਜ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਬਿਲਕੁਲ ਮੁਫ਼ਤ ਹੈ | ਜੇਕਰ ਕੁੱਤੇ ਦੇ ਵੱਢਣ ਦੀ ਤੀਜੀ ਕਿਸਮ ਦੇ ਵਿਅਕਤੀ ਨੂੰ ਸਮੇਂ ਸਿਰ ਹਲ਼ਕਾਅ ਰੋਕੂ ਟੀਕਾ ਨਾ ਲਗਾਇਆ ਜਾਵੇ ਤਾਂ ਉਸ ਦੀ ਮੌਤ ਵੀ ਹੋ ਸਕਦੀ ਹੈ | ਇਕ ਅਨੁਮਾਨ ਅਨੁਸਾਰ ਪੰਜਾਬ 'ਚ 4 ਲੱਖ ਤੋਂ ਵੱਧ ਕੁੱਤੇ ਹਨ, ਜਿਨ੍ਹਾਂ ਵਿਚੋਂ 3 ਲੱਖ ਦੇ ਕਰੀਬ ਆਵਾਰਾ ਕੁੱਤੇ ਦੱਸੇ ਜਾ ਰਹੇ ਹਨ |
ਇਸ ਸੰਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮਸਲੇ ਦਾ ਹੱਲ ਕਰਨ ਲਈ ਸੂਬਾ ਸਰਕਾਰ ਜ਼ਿਲਿ੍ਹਆਂ 'ਚ ਸਰਕਾਰੀ ਜ਼ਮੀਨ ਲੱਭ ਰਹੀ ਜਿੱਥੇ ਕੁੱਤਿਆਂ ਦੇ ਸ਼ੈਲਟਰ ਬਣਾਏ ਜਾ ਸਕਦੇ ਹੋਣ | ਇਸ ਸਮੱਸਿਆ ਦਾ ਹੱਲ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਘਰ 'ਚ ਰੱਖੇ ਕੁੱਤਿਆਂ ਦੇ ਪੂਰੇ ਟੀਕੇ ਲਗਵਾ ਕੇ ਰੱਖੋ | ਉਨ੍ਹਾਂ ਕਿਹਾ ਕਿ ਜੋ ਵਿਅਕਤੀ ਜਾਨਵਰਾਂ ਨੂੰ ਪਿਆਰ ਕਰਦੇ ਹਨ ਉਹ ਜਾਨਵਰਾਂ ਜਾਂ ਕੁੱਤਿਆਂ ਨੂੰ ਗੋਦ ਲੈ ਕੇ ਘਰ ਜਾਂ ਸ਼ੈਲਟਰ ਰੱਖ ਕੇ ਉਨ੍ਹਾਂ ਦੀ ਸੇਵਾ ਕਰਨ |
ਸੂਬੇ 'ਚ 3 ਲੱਖ ਤੋਂ ਵੱਧ ਵਿਅਕਤੀ ਹੋਏ ਕੁੱਤਿਆਂ ਦਾ ਸ਼ਿਕਾਰ
ਅਜੀਤ ਡੈਸਕ
26-05-2026