ਲੁਧਿਆਣਾ, 25 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਪਿੰਡ ਫੁੱਲਾਂਵਾਲ ਵਿਚ ਦਸਵੀਂ 'ਚ ਪੜ੍ਹਦੇ ਵਿਦਿਆਰਥੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ | ਪੁਲਿਸ ਵਲੋਂ ਇਸ ਸੰਬੰਧੀ 16 ਨੌਜਵਾਨਾਂ ਖ਼ਿਲਾਫ਼ ਕੇਸ ਕਰ ਲਿਆ ਹੈ | ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਲੜਕੇ ਸਾਹਿਲ (16) ਦੇ ਪਿਤਾ ਸਨਜੀਤ ਸਿੰਘ ਪੁੱਤਰ ਰਾਮ ਬਿਲਾਸ ਵਾਸੀ ਕਰਨੈਲ ਸਿੰਘ ਨਗਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਪਰਮ ਪੁੱਤਰ ਸੁਖਵਿੰਦਰ ਸਿੰਘ, ਗੌਤਮ, ਬੱਚੂ, ਨੰਨ੍ਹੀ ਅਤੇ 12 ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਲੜਕਾ ਦਸਵੀਂ ਕਲਾਸ ਵਿਚ ਪੜ੍ਹਦਾ ਸੀ ਤੇ ਬੀਤੇ ਦਿਨ ਆਪਣੀ ਮਾਸੀ ਦੇ ਲੜਕੇ ਪੰਕਜ ਨਾਲ ਘਰੋਂ ਸਬਜ਼ੀ ਲੈਣ ਲਈ ਗਿਆ ਸੀ | ਉਸ ਦੱਸਿਆ ਕਿ ਜਦੋਂ ਉਹ ਫੁੱਲਾਂਵਾਲ ਚੌਂਕ ਨੇੜੇ ਪਹੁੰਚਿਆ ਤਾਂ ਉਕਤ ਕਥਿਤ ਦੋਸ਼ੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ | ਲਹੂ ਲੁਹਾਨ ਹੋਇਆ ਸਾਹਿਲ ਸੜਕ 'ਤੇ ਹੀ ਡਿਗ ਪਿਆ, ਜਿਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਹ ਇਲਾਜ ਦੌਰਾਨ ਦਮ ਤੋੜ ਗਿਆ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਜਾਂਚ ਕਰ ਰਹੇ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਹਾਲ ਦੀ ਘੜੀ ਇਸ ਸੰਬੰਧੀ ਕੇਸ ਦਰਜ ਕਰ ਲਿਆ ਹੈ ਤੇ ਫਰਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ |