ਰਾਜਪੁਰਾ, 25 ਮਈ (ਜੀ.ਪੀ. ਸਿੰਘ)-ਰਾਜਪੁਰਾ ਨੇੜਲੇ ਪਿੰਡ ਮੰਡੋਲੀ ਨਹਿਰ ਵਿਚ ਇੱਕੋ ਪਰਿਵਾਰ ਦੇ 5 ਜੀਆਂ ਦੇ ਡਿੱਗਣ ਅਤੇ 3 ਮਾਸੂਮ ਬੱਚਿਆਂ ਦੀ ਡੁੱਬਣ ਕਾਰਨ ਹੋਈ ਮੌਤ ਦੇ ਦਰਦਨਾਕ ਮਾਮਲੇ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਬੱਚਿਆਂ ਦੇ ਦਾਦਾ-ਦਾਦੀ ਅਤੇ 3 ਭੂਆ ਖ਼ਿਲਾਫ਼ ਵਲੋਂ ਤੰਗ ਪ੍ਰੇਸ਼ਾਨ ਕਰਕੇ ਮਰਨ ਲਈ ਮਜਬੂਰ ਕਰਨ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਖੇੜੀ ਗੰਡਿਆਂ ਦੇ ਮੁੱਖ ਅਫ਼ਸਰ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਪਿਤਾ ਹਰਪ੍ਰਭਜੋਤ ਸਿੰਘ ਵਾਸੀ ਮੌਜਪੁਰ ਨੇੜੇ ਲਾਂਡਰਾਂ ਜ਼ਿਲ੍ਹਾ ਮੋਹਾਲੀ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ ਪਿਤਾ ਸਵਰਨ ਸਿੰਘ ਪੁੱਤਰ ਸੁੱਚਾ ਸਿੰਘ, ਮਾਤਾ ਗੁਰਮੇਲ ਕੌਰ ਪਤਨੀ ਸਵਰਨ ਸਿੰਘ ਅਤੇ 3 ਭੂਆ ਅਮਨਦੀਪ ਕੌਰ ਪਤਨੀ ਬਲਵਿੰਦਰ ਸਿੰਘ, ਦੀਪ ਕੌਰ ਪਤਨੀ ਮਹਿੰਦਰ ਸਿੰਘ, ਕਿਰਨਜੋਤ ਕੌਰ ਪਤਨੀ ਸ਼ਿਵਜੋਤ ਸਿੰਘ ਅਕਸਰ ਉਸ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ ਤੇ ਉਸ ਦੇ ਮਾਤਾ ਪਿਤਾ ਵੀ ਆਪਣੀਆਂ ਧੀਆਂ ਨੂੰ ਹਰ ਕੰਮ 'ਚ ਪਹਿਲ ਦਿੰਦੇ ਸਨ ਤੇ ਉਸ ਨੰੂ ਅਤੇ ਉਸ ਦੇ ਪਰਿਵਾਰ ਨੂੰ ਹਮੇਸ਼ਾਂ ਨਜ਼ਰ ਅੰਦਾਜ਼ ਕਰਦੇ ਸਨ | ਜਿਸ ਕਾਰਨ ਜਿਆਦਾ ਤੰਗ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਪਰਿਵਾਰ ਸਮੇਤ ਮਰਨ ਦਾ ਫੈਸਲਾ ਕੀਤਾ | ਦੱਸਣਯੋਗ ਹੈ ਕਿ ਲੰਘੇ ਦਿਨ ਹਰਪ੍ਰਭਜੋਤ ਸਿੰਘ ਨੇ ਆਪਣੀ ਪਤਨੀ ਜਸਵਿੰਦਰ ਕੌਰ ਅਤੇ 3 ਬੱਚਿਆਂ ਨਾਲ ਮੋਟਰਸਾਈਕਲ ਸਮੇਤ ਭਾਖੜਾ ਦੀ ਨਰਵਾਣਾ ਨਹਿਰ ਵਿਚ ਖੁਦਕਸ਼ੀ ਕਰਨ ਦੇ ਇਰਾਦੇ ਨਾਲ ਛਾਲ ਮਾਰ ਦਿੱਤੀ ਸੀ | ਜਿਸ ਵਿਚ ਹਰਪ੍ਰਭਜੋਤ ਸਿੰਘ ਅਤੇ ਉਸਦੀ ਪਤਨੀ ਨੂੰ ਤਾਂ ਪਿੰਡ ਵਾਲਿਆਂ ਨੇ ਨਹਿਰ 'ਚੋਂ ਜਿਉਂਦਾ ਕੱਢ ਲਿਆ ਸੀ ਪਰ ਤਿੰਨ ਬੱਚਿਆਂ ਏਕਮ, ਰਾਜਬੀਰ ਤੇ ਮੁਸਕਾਨ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ |
ਨਹਿਰ ਵਿਚ 3 ਬੱਚਿਆਂ ਦੇ ਡੁੱਬਣ ਦੇ ਮਾਮਲੇ 'ਚ ਨਵਾਂ ਮੋੜ
ਅਜੀਤ ਡੈਸਕ
26-05-2026