ਨਵੀਂ ਦਿੱਲੀ, 26 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਮੰਗਲਵਾਰ ਨੂੰ 12 ਸਾਲ ਪੂਰੇ ਹੋ ਗਏ ਹਨ | ਦੇਸ਼ ਭਰ 'ਚ ਭਾਜਪਾ ਆਗੂ ਅਤੇ ਪਾਰਟੀ ਵਰਕਰ ਜਸ਼ਨ ਮਨਾ ਰਹੇ ਹਨ | ਇਸ ਮੌਕੇ ਭਾਜਪਾ ਆਗੂਆਂ ਅਤੇ ਕੇਂਦਰੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਦੀ ਸ਼ਲਾਘਾ ਕੀਤੀ | 26 ਮਈ, 2014 ਨੂੰ ਮੋਦੀ ਨੇ ਭਾਰੀ ਜਿੱਤ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ | ਉਹ 2019 ਵਿਚ ਵੱਡੇ ਫ਼ਤਵੇ ਨਾਲ ਦੁਬਾਰਾ ਚੁਣੇ ਗਏ ਅਤੇ 2024 ਵਿਚ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ | ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ 26 ਮਈ, 2014 ਨੂੰ ਸ਼ੁਰੂ ਹੋਇਆ ਇਹ ਯੁੱਗ ਸਿਰਫ਼ ਸਰਕਾਰ 'ਚ ਬਦਲਾਅ ਦਾ ਪ੍ਰਤੀਕ ਹੀ ਨਹੀਂ ਹੈ ਬਲਕਿ ਇਹ ਇਕ ਇਤਿਹਾਸਕ ਪਲ ਹੈ ਜੋ ਦੇਸ਼ ਦੇ ਮੁੜ ਪ੍ਰਾਪਤ ਆਤਮਵਿਸ਼ਵਾਸ ਅਤੇ ਸੱਭਿਆਚਾਰਕ ਪੁਨਰਜਾਗਰਣ ਨੂੰ ਦਰਸਾਉਂਦਾ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 26 ਮਈ, 2014 ਦਾ ਦਿਨ ਭਾਰਤ ਦੀ ਸੱਭਿਅਤਾ ਅਤੇ ਵਿਕਾਸ ਯਾਤਰਾ ਵਿਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਦਾ ਪ੍ਰਤੀਕ ਹੈ | ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ 26 ਮਈ, 2014 ਨੂੰ ਭਾਰਤ ਦੀ ਕਿਸਮਤ ਨੂੰ ਮੁੜ ਆਕਾਰ ਦੇਣ ਵਾਲਾ ਇੱਕ ਪਰਿਭਾਸ਼ਿਤ ਪਲ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧੀਨ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਵਜੋਂ ਯਾਦ ਰੱਖਿਆ ਜਾਵੇਗਾ | ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਸ਼ਟਰ ਪ੍ਰਤੀ ਸਮਰਪਿਤ ਇੱਕ ਦੂਰਦਰਸ਼ੀ ਵਿਅਕਤੀ ਦੱਸਿਆ |