ਐੱਸ. ਏ. ਐੱਸ. ਨਗਰ, 26 ਮਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਨੂੰ ਮੁੜ ਵਿਕਾਸ, ਖੁਸ਼ਹਾਲੀ ਤੇ ਤਰੱਕੀ ਦੇ ਰਾਹ 'ਤੇ ਤੋਰ ਕੇ 1 ਨੰਬਰ ਸੂਬਾ ਬਣਾਉਣ ਲਈ ਮਿਸਲ ਸਤਲੁਜ ਜਥੇਬੰਦੀ ਵਲੋਂ ਆਗਾਮੀ ਦੋ ਮਹੀਨਿਆਂ ਦੌਰਾਨ ਪੰਜਾਬ ਭਰ 'ਚ 17 ਵਿਸ਼ਾਲ 'ਚੜ੍ਹਦੀ ਕਲਾ' ਰੈਲੀਆਂ ਕੀਤੀਆਂ ਜਾਣਗੀਆਂ | ਇਹ ਐਲਾਨ ਕਰਦਿਆਂ ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਰੈਲੀਆਂ ਦਾ ਮੁੱਖ ਉਦੇਸ਼ ਪੰਜਾਬ ਦੇ ਲੋਕਾਂ 'ਚ ਨਵੀਂ ਸੋਚ ਅਤੇ ਵਿਆਪਕ ਲੋਕ ਚਰਚਾ ਦੀ ਚੇਟਕ ਲਗਾਉਣਾ ਹੈ ਤਾਂ ਜੋ ਸੂਬੇ ਦੇ ਹੱਕੀ ਮਸਲਿਆਂ, ਨੌਜਵਾਨਾਂ ਦੇ ਭਵਿੱਖ, ਕਿਸਾਨੀ ਸੰਕਟ, ਰੁਜ਼ਗਾਰ, ਸਿੱਖਿਆ ਅਤੇ ਔਰਤਾਂ ਦੇ ਸਸ਼ਕਤੀਕਰਨ ਵਰਗੇ ਮੁੱਦਿਆਂ 'ਤੇ ਲੋਕਾਂ ਦਾ ਧਿਆਨ ਕੇਂਦਰਿਤ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਜਥੇਬੰਦੀ ਸ਼ੁਰੂ ਤੋਂ ਪੰਜਾਬ, ਪੰਜਾਬੀਅਤ ਅਤੇ ਲੋਕ ਹਿੱਤਾਂ ਦੀ ਆਵਾਜ਼ ਬਣ ਕੇ ਸੰਘਰਸ਼ ਕਰਦੀ ਆ ਰਹੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ 'ਤੇ ਤੋਰਨ ਲਈ ਲੋਕਾਂ ਨੂੰ ਇਕੱਠਾ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਰੈਲੀਆਂ ਰਾਹੀਂ 'ਆਪ' ਸਰਕਾਰ ਦੀਆਂ ਨਾਕਾਮੀਆਂ ਨੂੰ ਵੀ ਲੋਕਾਂ ਦੇ ਸਾਹਮਣੇ ਬੇਨਕਾਬ ਕੀਤਾ ਜਾਵੇਗਾ ਤੇ ਪੰਜਾਬ ਦੀਆਂ ਹੱਕੀ ਮੰਗਾਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਰੈਲੀਆਂ ਦੀ ਲੜੀ ਦੀ ਸ਼ੁਰੂਆਤ 8 ਜੂਨ ਨੂੰ ਜ਼ੀਰਾ ਤੋਂ ਕੀਤੀ ਜਾਵੇਗੀ | ਇਸ ਤੋਂ ਬਾਅਦ 11 ਜੂਨ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ, 15 ਜੂਨ ਨੂੰ ਫ਼ਰੀਦਕੋਟ, 18 ਜੂਨ ਨੂੰ ਰੋਪੜ, 22 ਜੂਨ ਨੂੰ ਗੜ੍ਹਸ਼ੰਕਰ, 25 ਜੂਨ ਨੂੰ ਘਨੌਰ, 29 ਜੂਨ ਨੂੰ ਫ਼ਿਰੋਜ਼ਪੁਰ, 2 ਜੁਲਾਈ ਨੂੰ ਮੁਹਾਲੀ, 6 ਜੁਲਾਈ ਨੂੰ ਬਲਾਚੌਰ, 8 ਜੁਲਾਈ ਨੂੰ ਸ੍ਰੀ ਅਨੰਦਪੁਰ ਸਾਹਿਬ, 13 ਜੁਲਾਈ ਨੂੰ ਫ਼ਾਜ਼ਿਲਕਾ, 16 ਜੁਲਾਈ ਨੂੰ ਰਾਜਪੁਰਾ, 20 ਜੁਲਾਈ ਨੂੰ ਨਕੋਦਰ, 23 ਜੁਲਾਈ ਨੂੰ ਸ੍ਰੀ ਚਮਕੌਰ ਸਾਹਿਬ, 27 ਜੁਲਾਈ ਨੂੰ ਬਠਿੰਡਾ, 30 ਜੁਲਾਈ ਨੂੰ ਨਵਾਂ ਸ਼ਹਿਰ ਅਤੇ 3 ਅਗਸਤ ਨੂੰ ਸਨੌਰ ਵਿਖੇ ਰੈਲੀ ਹੋਵੇਗੀ | ਬਰਾੜ ਨੇ ਅੱਗੇ ਦੱਸਿਆ ਕਿ ਇਨ੍ਹਾਂ ਰੈਲੀਆਂ ਦੀ ਸਫ਼ਲਤਾ ਲਈ ਮਿਸਲ ਸਤਲੁਜ ਜਥੇਬੰਦੀ ਦੇ ਮੈਂਬਰ ਤੇ ਵਲੰਟੀਅਰ ਪੂਰੀ ਤਨਦੇਹੀ ਨਾਲ ਤਿਆਰੀਆਂ 'ਚ ਜੁਟ ਗਏ ਹਨ |
ਮਿਸਲ ਸਤਲੁਜ ਵਲੋਂ ਸੂਬਾ ਭਰ 'ਚ ਕੀਤੀਆਂ ਜਾਣਗੀਆਂ 'ਚੜ੍ਹਦੀ ਕਲਾ' ਰੈਲੀਆਂ-ਅਜੇਪਾਲ ਸਿੰਘ ਬਰਾੜ <br/>
ਅਜੀਤ ਡੈਸਕ
27-05-2026