ਚੰਡੀਗੜ੍ਹ, 26 ਮਈ (ਸੰਦੀਪ ਕੁਮਾਰ ਮਾਹਨਾ)-ਨਸ਼ਿਆਂ ਕਾਰਨ ਤਬਾਹ ਹੋ ਰਹੇ ਪੰਜਾਬ ਦੇ ਪਰਿਵਾਰਾਂ ਤੇ ਜਵਾਨੀ ਲਈ ਚਿੰਤਾ ਜਤਾਉਂਦੇ ਹੋਏ ਵਿਸ਼ਵ ਪ੍ਰਸਿੱਧ ਗਾਇਕ ਯੋ-ਯੋ ਹਨੀ ਸਿੰਘ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸਾਰੇ ਲੋਕ ਮਿਲ ਕੇ ਨਸ਼ਾ ਮੁਕਤ ਪੰਜਾਬ ਲਈ ਯਤਨ ਕਰਨ | ਇਸ ਸਬੰਧੀ ਉਨ੍ਹਾਂ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੁਲਾਕਾਤ ਕਰਕੇ ਨਸ਼ਾ ਮੁਕਤ ਪੰਜਾਬ 'ਤੇ ਚਰਚਾ ਕੀਤੀ | ਇਸ ਦੌਰਾਨ ਦੋਵਾਂ ਆਗੂਆਂ ਨੇ ਪੰਜਾਬ 'ਚ ਵਧ ਰਹੇ ਨਸ਼ਿਆਂ, ਖ਼ਾਸ ਕਰਕੇ 'ਚਿੱਟੇ' ਦੇ ਪ੍ਰਭਾਵ 'ਤੇ ਡੂੰਘੀ ਚਿੰਤਾ ਜਤਾਈ | ਤਰੁਣ ਚੁੱਘ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਇਸ ਮੁਲਾਕਾਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਯੋ ਯੋ ਹਨੀ ਸਿੰਘ ਪੰਜਾਬ ਦਾ ਮਾਣ ਹਨ, ਜਿਨ੍ਹਾਂ ਨੇ ਆਪਣੀ ਕਲਾ ਰਾਹੀਂ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਨਾਮ ਕਮਾਇਆ ਹੈ | ਹਨੀ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਕਾਰਨ ਕਈ ਘਰ ਬਰਬਾਦ ਹੋ ਰਹੇ ਹਨ ਤੇ ਜਵਾਨੀ ਗ਼ਲਤ ਰਸਤੇ ਵੱਲ ਵੱਧ ਰਹੀ ਹੈ, ਜੋ ਬਹੁਤ ਚਿੰਤਾਜਨਕ ਹੈ | ਹਨੀ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਸੁਫ਼ਨਿਆਂ ਤੇ ਟੀਚਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ | ਪੰਜਾਬ ਦੀ ਜਵਾਨੀ 'ਚ ਬੇਹੱਦ ਸਮਰੱਥਾ ਹੈ ਅਤੇ ਜੇਕਰ ਉਹ ਸਹੀ ਰਸਤੇ 'ਤੇ ਚੱਲਣ ਤਾਂ ਪੰਜਾਬ ਮੁੜ ਤਰੱਕੀ ਅਤੇ ਖ਼ੁਸ਼ਹਾਲੀ ਵੱਲ ਵਧ ਸਕਦਾ ਹੈ |
ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਕੱਠੇ ਹੋਏ ਤਰੁਣ ਚੁੱਘ ਤੇ ਹਨੀ ਸਿੰਘ, ਨਸ਼ਾ ਮੁਕਤ ਪੰਜਾਬ ਦਾ ਦਿੱਤਾ ਸੰਦੇਸ਼ <br/>
ਅਜੀਤ ਡੈਸਕ
27-05-2026