ਐਮੀ ਵਿਰਕ, ਰੂਪੀ ਗਿੱਲ, ਹਿੰਮਤ ਸੰਧੂ ਤੇ ਜਰਨੈਲ ਸਿੰਘ ਨੇ ਖੋਲ੍ਹੇ ਇਤਿਹਾਸ ਦੇ ਪੰਨੇ
ਐੱਸ. ਏ. ਐੱਸ. ਨਗਰ, 26 ਮਈ (ਹੈਪੀ ਪੰਡਵਾਲਾ)-ਬੀਬੀ ਬਿਮਲ ਕੌਰ ਖ਼ਾਲਸਾ ਦੇ ਸੰਘਰਸ਼ਮਈ ਅਤੇ ਪ੍ਰਭਾਵਸ਼ਾਲੀ ਕਿਰਦਾਰ 'ਤੇ ਆਧਾਰਿਤ ਬਹੁ-ਚਰਚਿਤ ਪੰਜਾਬੀ ਫ਼ਿਲਮ 'ਚੜ੍ਹਦੀਕਲਾ' ਆਉਂਦੀ 29 ਮਈ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ | ਇਸੇ ਸਿਲਸਿਲੇ 'ਚ ਫ਼ਿਲਮ ਦੇ ਮੁੱਖ ਸਿਤਾਰੇ ਐਮੀ ਵਿਰਕ, ਰੂਪੀ ਗਿੱਲ, ਹਿੰਮਤ ਸੰਧੂ ਤੇ ਜਰਨੈਲ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਇਸ ਦੇ ਨਿਰਮਾਣ ਦੇ ਅਨੁਭਵ ਸਾਂਝੇ ਕੀਤੇ | ਇਸ ਮੌਕੇ ਐਮੀ ਵਿਰਕ ਨੇ ਕਿਹਾ ਕਿ 'ਚੜ੍ਹਦੀਕਲਾ' ਸਿਰਫ਼ ਇਕ ਫ਼ਿਲਮ ਨਹੀਂ, ਬਲਕਿ ਪੰਜਾਬ ਦੇ ਇਤਿਹਾਸ ਤੇ ਇਕ ਅਜਿਹੀ ਸ਼ਖ਼ਸੀਅਤ ਦੀ ਦਾਸਤਾਨ ਹੈ | ਉਨ੍ਹਾਂ ਦੱਸਿਆ ਕਿ ਫ਼ਿਲਮ ਬੀਬੀ ਬਿਮਲ ਕੌਰ ਖ਼ਾਲਸਾ ਦੇ ਜੀਵਨ ਦੇ ਉਤਾਰ-ਚੜਾਅ, ਉਨ੍ਹਾਂ ਦੇ ਦਿ੍ੜ ਇਰਾਦੇ ਅਤੇ ਪਰਿਵਾਰਕ ਸੰਘਰਸ਼ ਨੂੰ ਬਾਖ਼ੂਬੀ ਬਿਆਨ ਕਰਦੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ ਨੂੰ ਧੂਹ ਪਾਵੇਗੀ ਤੇ ਪੰਜਾਬੀ ਸਿਨੇਮਾ ਜਗਤ 'ਚ ਵੱਖਰੀ ਛਾਪ ਛੱਡੇਗੀ | ਇਸ ਫ਼ਿਲਮ 'ਚ ਕੇਂਦਰੀ ਭੂਮਿਕਾ ਨਿਭਾਅ ਰਹੀ ਅਦਾਕਾਰਾ ਰੂਪੀ ਗਿੱਲ ਨੇ ਕਿਹਾ ਕਿ ਬੀਬੀ ਬਿਮਲ ਕੌਰ ਖ਼ਾਲਸਾ ਦੇ ਕਿਰਦਾਰ ਨੂੰ ਪਰਦੇ 'ਤੇ ਜਿਊਣਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ | ਇਹ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਮਾਨਸਿਕ ਤੇ ਜਜ਼ਬਾਤੀ ਤੌਰ 'ਤੇ ਇਕ ਵੱਡੀ ਚੁਣੌਤੀ ਸੀ, ਜਿਸ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ | ਇਸ ਦੌਰਾਨ ਫ਼ਿਲਮ ਦੇ ਹੋਰ ਪ੍ਰਮੁੱਖ ਅਦਾਕਾਰ ਹਿੰਮਤ ਸੰਧੂ ਤੇ ਜਰਨੈਲ ਸਿੰਘ ਨੇ ਵੀ ਫ਼ਿਲਮ ਨਾਲ ਜੁੜੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਆਖਿਆ ਕਿ ਕਹਾਣੀ ਮੁਤਾਬਿਕ ਹਰੇਕ ਕਲਾਕਾਰ ਨੇ ਆਪਣੀ ਭੂਮਿਕਾ ਬਾਖ਼ੂਬੀ ਨਿਭਾਉਂਦਿਆਂ ਫ਼ਿਲਮ ਨਾਲ ਪੂਰਾ ਇਨਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ | ਫ਼ਿਲਮ ਦੀ ਸਮੁੱਚੀ ਸਟਾਰ ਕਾਸਟ ਨੇ ਆਖਿਆ ਕਿ ਇਹ ਫ਼ਿਲਮ ਪੰਜਾਬੀ ਸਿਨੇਮਾ ਨੂੰ ਇਕ ਨਵੀਂ ਦਿਸ਼ਾ ਦੇਵੇਗੀ | ਫ਼ਿਲਮ ਦੀ ਟੀਮ ਹੁਣ 29 ਮਈ ਨੂੰ ਫ਼ਿਲਮ ਦੀ ਵੱਡੇ ਪੱਧਰ 'ਤੇ ਰਿਲੀਜਿੰਗ ਲਈ ਬਹੁਤ ਉਤਸ਼ਾਹਿਤ ਹੈ | ਉਨ੍ਹਾਂ ਪੰਜਾਬੀ ਸਿਨੇਮਾ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਸਿਨੇਮਾਘਰਾਂ 'ਚ ਜਾ ਕੇ ਫ਼ਿਲਮ ਨੂੰ ਜ਼ਰੂਰ ਦੇਖਣ |
ਪੰਜਾਬੀ ਸਿਨੇਮਾ ਨੂੰ ਨਵੀਂ ਦਿਸ਼ਾ ਦੇਵੇਗੀ ਫ਼ਿਲਮ 'ਚੜ੍ਹਦੀ ਕਲਾ'
ਅਜੀਤ ਡੈਸਕ
27-05-2026