ਐਨ.ਪੀ.ਕੇ. ਖਾਦ 2,450 ਰੁਪਏ ਪ੍ਰਤੀ ਥੈਲਾ ਤੱਕ ਮਹਿੰਗੀ, ਸਰਕਾਰ ਨੇ ਡੀ.ਏ.ਪੀ. ਤੇ ਯੂਰੀਆ ਦੀ ਵਿਕਰੀ 'ਤੇ ਨਿਗਰਾਨੀ ਵਧਾਈ
ਮੂਨਕ 26 ਮਈ (ਕੇਵਲ ਸਿੰਗਲਾ)-ਪੱਛਮੀ ਏਸ਼ੀਆ ਵਿਚ ਵਧ ਰਹੇ ਤਣਾਅ ਅਤੇ ਖਾਦ ਬਣਾਉਣ ਲਈ ਲੋੜੀਂਦੇ ਕੱਚੇ ਮਾਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿਚ ਤੇਜ਼ ਵਾਧੇ ਕਾਰਨ ਭਾਰਤ ਵਿਚ ਖਾਦਾਂ ਦੀ ਮਹਿੰਗਾਈ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਦੇਸ਼ ਵਿਚ ਕਈ ਐਨ.ਪੀ.ਕੇ. ਕੰਪਲੈਕਸ ਖਾਦਾਂ ਦੇ ਰੇਟ 50 ਕਿੱਲੋ ਪ੍ਰਤੀ ਬੈਗ 2,250 ਤੋਂ 2,450 ਰੁਪਏ ਤੱਕ ਪਹੁੰਚ ਗਏ ਹਨ, ਜਿਸ ਨਾਲ ਖ਼ਰੀਫ਼ ਸੀਜ਼ਨ ਦੌਰਾਨ ਕਿਸਾਨਾਂ ਦੀ ਲਾਗਤ ਹੋਰ ਵਧਣ ਦੀ ਸੰਭਾਵਨਾ ਹੈ | ਖਾਦ ਉਦਯੋਗ ਨਾਲ ਜੁੜੇ ਸੂਤਰਾਂ ਅਨੁਸਾਰ 12:32:16 ਅਤੇ 10:26:26 ਗ੍ਰੇਡ ਵਾਲੀਆਂ ਐਨ.ਪੀ.ਕੇ. ਖਾਦਾਂ ਦੀ ਕੀਮਤ ਕਰੀਬ 2,450 ਰੁਪਏ ਪ੍ਰਤੀ ਥੈਲਾ ਤੱਕ ਪਹੁੰਚ ਚੁੱਕੀ ਹੈ | ਇਸੇ ਤਰ੍ਹਾਂ ਪੋਟਾਸ਼ ਖਾਦ ਵੀ ਵੱਧ ਕੇ 2250 ਰੁਪਏ ਪ੍ਰਤੀ ਥੈਲਾ ਹੋਣ ਦਾ ਪਤਾ ਚੱਲਾ ਹੈ | ਕੰਪਨੀਆਂ ਦਾ ਕਹਿਣਾ ਹੈ ਕਿ ਅਮੋਨੀਆ, ਸਲਫ਼ਰ ਅਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਕਾਰਨ ਉਤਪਾਦਨ ਲਾਗਤ ਕਾਫ਼ੀ ਵਧ ਗਈ ਹੈ | ਇਸ ਦੌਰਾਨ ਕੇਂਦਰ ਸਰਕਾਰ ਨੇ ਡੀ.ਏ.ਪੀ. ਤੇ ਯੂਰੀਆ ਖਾਦ ਦੀ ਵਿਕਰੀ 'ਤੇ ਵੀ ਸਖ਼ਤ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ | ਖਾਦ ਵਿਕਰੇਤਾਵਾਂ ਯੂਰੀਆ ਤੇ ਡੀ.ਏ.ਪੀ. ਖਾਦ ਦਾ ਸਟਾਕ ਰੋਜ਼ ਮੇਨਟੇਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਉਦਯੋਗਿਕ ਮਾਹਿਰਾਂ ਅਨੁਸਾਰ ਯੂਰੀਆ ਅਤੇ ਡੀ.ਏ.ਪੀ. ਦੀਆਂ ਕੀਮਤਾਂ 'ਤੇ ਸਰਕਾਰੀ ਕਾਬੂ ਹੋਣ ਕਾਰਨ ਖਾਦ ਕੰਪਨੀਆਂ ਹੋਰ ਕੰਪਲੈਕਸ ਖਾਦਾਂ ਦੇ ਰੇਟ ਵਧਾ ਰਹੀਆਂ ਹਨ | ਹਾਲਾਤ ਇਹ ਹਨ ਕਿ ਕੁਝ ਐਨ.ਪੀ.ਕੇ. ਖਾਦਾਂ ਦੀ ਕੀਮਤ ਹੁਣ ਡੀ.ਏ.ਪੀ. ਨਾਲੋਂ ਵੀ ਵੱਧ ਹੋ ਗਈ ਹੈ | 20:20:0:13 ਗ੍ਰੇਡ ਖਾਦ, ਜੋ ਸਭ ਤੋਂ ਵੱਧ ਵਰਤੀ ਜਾਂਦੀ ਹੈ, ਦੀਆਂ ਕੀਮਤਾਂ ਵਿਚ ਵੀ ਵੱਡਾ ਵਾਧਾ ਦਰਜ ਕੀਤਾ ਗਿਆ ਹੈ | ਵੱਖ-ਵੱਖ ਕੰਪਨੀਆਂ ਵਲੋਂ ਇਹ ਖਾਦ 1,800 ਤੋਂ 2,250 ਰੁਪਏ ਪ੍ਰਤੀ ਬੈਗ ਤੱਕ ਵੇਚੀ ਜਾ ਰਹੀ ਹੈ | ਕੇਂਦਰ ਸਰਕਾਰ ਨੇ ਯੂਰੀਆ ਅਤੇ ਡੀ.ਏ.ਪੀ. ਦੀ ਆਯਾਤ ਲਈ ਵੀ ਵੱਡੇ ਟੈਂਡਰ ਮਨਜ਼ੂਰ ਕੀਤੇ ਹਨ | ਮਾਹਿਰਾਂ ਦਾ ਮੰਨਣਾ ਹੈ ਕਿ ਉੱਚ ਆਯਾਤ ਕੀਮਤਾਂ ਕਾਰਨ ਸਰਕਾਰ ਦਾ ਖਾਦ ਸਬਸਿਡੀ ਬਿੱਲ ਕਾਫ਼ੀ ਵੱਧ ਸਕਦਾ ਹੈ | ਡੀ.ਏ.ਪੀ. ਖਾਦ ਦਾ ਥੈਲਾ 1350 ਰੁਪਏ ਅਤੇ ਯੂਰੀਆ ਖਾਦ ਦਾ ਥੈਲਾ 266.50 ਰੁਪਏ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਜਦ ਕਿ ਡੀ.ਏ.ਪੀ. ਦਾ ਥੈਲਾ 4500 ਰੁਪਏ ਅਤੇ ਯੂਰੀਆ ਖਾਦ 4200 ਰੁਪਏ ਪ੍ਰਤੀ ਥੈਲਾ ਤੋ ਵੱਧ ਖ਼ਰੀਦਣਾ ਪੈ ਰਿਹਾ ਹੈ | ਖੇਤੀ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਖਾਦਾਂ ਦੀਆਂ ਕੀਮਤਾਂ ਵਿਚ ਇਹ ਵਾਧਾ ਜਾਰੀ ਰਿਹਾ ਤਾਂ ਪੰਜਾਬ ਸਮੇਤ ਕਈ ਰਾਜਾਂ ਦੇ ਕਿਸਾਨਾਂ 'ਤੇ ਵੱਡਾ ਆਰਥਿਕ ਬੋਝ ਪਵੇਗਾ |
ਮੱਧ ਪੂਰਬ ਸੰਕਟ ਦੇ ਕਾਰਨ ਵਿਸ਼ਵ ਖਾਦ ਸੰਕਟ ਦਾ ਅਸਰ ਗਹਿਰਾਇਆ <br/>
ਅਜੀਤ ਡੈਸਕ
27-05-2026