• ਕਿਹਾ, ਲੋੜ ਪਈ ਤਾਂ ਜਨਰਲ ਹਾਊਸ ਦੀ ਮੀਟਿੰਗ ਸੱਦੀ ਜਾਵੇਗੀ
ਹੁਸ਼ਿਆਰਪੁਰ, 26 ਮਈ (ਬਲਜਿੰਦਰਪਾਲ ਸਿੰਘ)-ਸੂਬਾ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਵਾਲੇ ਮਾਮਲੇ ਸਬੰਧੀ ਪਿਛਲੇ ਸਾਲ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਜੋ ਕਿ ਸ਼ੋ੍ਰਮਣੀ ਕਮੇਟੀ ਦੇ ਅਧਿਕਾਰ ਖੇਤਰ 'ਚ ਸਿੱਧੇ ਤੌਰ 'ਤੇ ਦਖ਼ਲਅੰਦਾਜ਼ੀ ਸੀ, ਪ੍ਰੰਤੂ ਇਸ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਗਈ ਸੀ ਕਿ ਇਸ ਕੇਸ 'ਚ ਸਿੱਟ ਦਾ ਪੂਰਾ ਸਹਿਯੋਗ ਕੀਤਾ ਜਾਵੇ, ਪ੍ਰੰਤੂ ਹੁਣ ਸਿੱਟ ਇਸ ਮਾਮਲੇ ਤੋਂ ਅਗਾਂਹ ਵੱਧ ਕੇ ਸ਼ੋ੍ਰਮਣੀ ਕਮੇਟੀ ਦੇ ਨਿੱਜੀ ਅਧਿਕਾਰ ਖੇਤਰ 'ਚ ਦਖ਼ਲਅੰਦਾਜ਼ੀ ਕਰ ਰਹੀ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਹ ਵਿਚਾਰ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਜਥੇਦਾਰ ਵਲੋਂ ਇਹ ਹਦਾਇਤ ਵੀ ਕੀਤੀ ਗਈ ਸੀ ਕਿ ਇਸ ਮਾਮਲੇ ਨਾਲ ਸਬੰਧਿਤ ਸਾਰਾ ਰਿਕਾਰਡ ਖ਼ੁਦ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਚੰਡੀਗੜ੍ਹ ਵਿਖੇ ਸਥਿਤ ਸ਼ੋ੍ਰਮਣੀ ਕਮੇਟੀ ਦੇ ਦਫ਼ਤਰ 'ਚ ਮੁਹੱਈਆ ਕਰਵਾਉਣ ਅਤੇ ਜਦੋਂ ਵੀ ਸਿੱਟ ਨੇ ਕੋਈ ਰਿਕਾਰਡ ਮੰਗਿਆ ਤਾਂ ਉਸ ਨੂੰ ਤੁਰੰਤ ਮੁਹੱਈਆ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਇਸ ਸਬੰਧੀ 4-5 ਮੀਟਿੰਗਾਂ ਵੀ ਹੋ ਚੁੱਕੀਆਂ ਹਨ ਤੇ ਹੁਣ ਮੁੜ ਕੁੱਝ ਰਿਕਾਰਡ ਮੰਗਿਆ ਗਿਆ ਹੈ, ਜੋ 26 ਮਈ ਨੂੰ ਮੁਹੱਈਆ ਕਰਵਾਇਆ ਜਾਣਾ ਸੀ, ਪ੍ਰੰਤੂ ਵੋਟਾਂ ਕਾਰਨ ਹੁਣ ਰਿਕਾਰਡ 28 ਮਈ ਨੂੰ ਮੁਹੱਈਆ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਦਾ ਇਲੈੱਕਸ਼ਨ ਕਮਿਸ਼ਨ ਵੱਖਰਾ ਹੈ, ਕਮੇਟੀ ਦੇ ਮੈਂਬਰਾਂ ਤੇ ਕਰਮਚਾਰੀਆਂ ਦੇ ਨਿਯਮ ਵੱਖਰੇ ਹਨ, ਜਿਨ੍ਹਾਂ 'ਚ ਸਰਕਾਰ ਨੂੰ ਦਖ਼ਲਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ ਹੈ |
328 ਪਾਵਨ ਸਰੂਪਾਂ ਵਾਲੇ ਮਾਮਲੇ 'ਚ 'ਸਿੱਟ' ਆਪਣੇ ਅਧਿਕਾਰ ਖੇਤਰ 'ਚ ਰਹਿ ਕੇ ਕੰਮ ਕਰੇ-ਧਾਮੀ
ਅਜੀਤ ਡੈਸਕ
27-05-2026