ਭਾਜਪਾ ਵਲੋਂ ਨਵਾਂ ਪ੍ਰਧਾਨ ਐਲਾਨਣ ਮਗਰੋਂ ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਕਾਂਗਰਸ ਨੂੰ ਲੈ ਕੇ ਵਿਉਂਤਬੰਦੀ ਸ਼ੁਰੂ
ਅਜੀਤ ਡੈਸਕ
29-05-2026
ਚੰਡੀਗੜ੍ਹ, 28 ਮਈ-ਕੇਂਦਰ ਦੀ ਸੱਤਾ 'ਤੇ ਕਾਬਜ਼ ਭਾਜਪਾ ਵਲੋਂ ਪੰਜਾਬ 'ਚ ਆਪਣੀ ਪਾਰਟੀ ਦਾ ਨਵਾਂ ਪ੍ਰਧਾਨ ਲਗਾ ਦਿੱਤਾ ਗਿਆ ਹੈ, ਜਿਸ ਨੂੰ ਦੇਖਦੇ ਹੋਏ 'ਸ਼ਾਂਤ' ਮੂੜ੍ਹ 'ਚ ਬੈਠੀ ਕਾਂਗਰਸ ਹਾਈ ਕਮਾਨ ਵੀ ਸਰਗਰਮ ਹੋ ਗਈ ਦਿਖਾਈ ਦੇ ਰਹੀ ਹੈ | ਕਾਂਗਰਸ ਤੇ ਦਿੱਲੀ ਦਰਬਾਰ ਦੇ ਸੂਤਰਾਂ ਅਨੁਸਾਰ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਦੇ ਨਾਲ ਹੀ ਕਾਂਗਰਸ ਹਾਈ ਕਮਾਨ ਨੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਮੀਟਿੰਗ ਸੱਦ ਲਈ ਹੈ | ਮੀਟਿੰਗ ਵਿਚ ਪੰਜਾਬ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਉਪਰਲੇ ਪੱਧਰ 'ਤੇ ਆਉਣ ਵਾਲੇ ਵੱਡੇ ਫੇਰ-ਬਦਲ ਨੂੰ ਲੈ ਕੇ ਚਰਚਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਦੱਸਿਆ ਜਾ ਰਿਹਾ ਕਿ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਵਜੋਂ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਨੇ ਕਾਂਗਰਸ ਹਾਈ ਕਮਾਨ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਕੇਵਲ ਸਿੰਘ ਢਿੱਲੋਂ ਕਾਂਗਰਸ ਵਿਚੋਂ ਹੀ ਭਾਜਪਾ ਵਿਚ ਗਏ ਸਨ ਅਤੇ ਹੁਣ ਕਾਂਗਰਸ ਨੂੰ ਇਹ ਡਰ ਸਤਾਉਣ ਲੱਗਿਆ ਹੈ ਕਿ ਕਿਤੇ ਸੁਨੀਲ ਜਾਖੜ ਦੀ ਤਰ੍ਹਾਂ ਕੇਵਲ ਸਿੰਘ ਢਿੱਲੋਂ ਵੀ ਪੰਜਾਬ ਕਾਂਗਰਸ ਵਿਚ ਸੰਨ ਲਾਉਣ ਦਾ ਕੰਮ ਨਾ ਸ਼ੁਰੂ ਕਰ ਦੇਣ | ਦੱਸਿਆ ਜਾ ਰਿਹਾ ਕਿ ਕਾਂਗਰਸ ਹਾਈ ਕਮਾਨ ਨੂੰ ਪੰਜਾਬ ਦੇ ਕੁਝ ਸੀਨੀਅਰ ਆਗੂਆਂ ਨੇ ਰਿਪੋਰਟ ਦਿੱਤੀ ਹੈ ਕਿ ਕੇਵਲ ਸਿੰਘ ਢਿੱਲੋਂ ਦਾ ਹੁਣ ਵੀ ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂਆਂ ਨਾਲ ਚੰਗਾ ਸਹਿਚਾਰ ਅਤੇ ਵਰਤਣ ਹੈ | ਉਧਰ ਭਾਜਪਾ ਦੇ ਉਚ ਪੱਧਰੀ ਸੂਤਰਾਂ ਨੇ ਇਸ ਗੱਲ ਦੀ ਸੂਚਨਾ ਦਿੱਤੀ ਹੈ ਕਿ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦੀ ਪ੍ਰਧਾਨਗੀ ਦੇਣ ਤੋਂ ਪਹਿਲਾਂ ਇਸ ਗੱਲ ਦਾ ਸਪੱਸ਼ਟ ਇਸ਼ਾਰਾ ਕੀਤਾ ਗਿਆ ਹੈ ਕਿ ਪੰਜਾਬ ਵਿਚ ਪਾਰਟੀ ਨੂੰ ਮਜਬੂਤ ਕਰਨ ਦੇ ਨਾਲ ਨਾਲ ਹੋਰ ਪਾਰਟੀਆਂ ਦੇ ਕੁਝ ਵੱਡੇ ਪੱਧਰ ਦੇ ਸਾਫ ਦਿੱਖ ਵਾਲੇ ਆਗੂ ਜੋ ਕਿ ਕਿਸੇ ਨਾ ਕਿਸੇ ਕਾਰਨ ਆਪਣੀ ਪਾਰਟੀ ਨਾਲ ਨਾਰਾਜ਼ ਚੱਲ ਰਹੇ ਹਨ, ਨਾਲ ਸੰਪਰਕ ਸਾਧ ਕੇ ਉਨ੍ਹਾਂ ਨੂੰ ਭਾਜਪਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ | ਭਾਜਪਾ ਵਲੋਂ ਹੁਣ ਪੰਜਾਬ ਵਿਚ ਜੱਟ ਸਿੱਖ ਚਿਹਰੇ ਨੂੰ ਮੂਹਰੇ ਕਰਨ ਨਾਲ ਕਾਂਗਰਸ ਦੀ ਇਸ ਸੰਬੰਧੀ ਬਣੀ ਹੋਈ ਦੁਵਿਧਾ ਜ਼ਰੂਰ ਖਤਮ ਹੋਈ ਦੱਸੀ ਜਾ ਰਹੀ ਹੈ | ਦੱਸਿਆ ਜਾ ਰਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਹਾਈ ਕਮਾਨ ਇਸ ਗੱਲ ਨੂੰ ਲੈ ਕੇ ਦੁਬਿਧਾ ਵਿਚ ਸੀ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਦੇ ਬਦਲ ਵਜੋਂ ਹਿੰਦੂ ਚਿਹਰੇ ਨੂੰ ਮੂਹਰੇ ਕਰੇ ਜਾਂ ਜੱਟ ਸਿੱਖ ਚਿਹਰੇ ਨੂੰ ਹੀ ਅਹਿਮੀਅਤ ਦਿੱਤੀ ਜਾਵੇ | ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਹੁਣ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਵਿਚ ਵੀ ਆਉਂਦੇ ਅਗਲੇ ਮਹੀਨੇ ਵਿਚ ਵੱਡੇ ਪੱਧਰ 'ਤੇ ਬਦਲਾਅ ਕੀਤਾ ਜਾਣਾ ਸੰਭਵ ਹੈ |