ਐੱਸ. ਏ. ਐੱਸ. ਨਗਰ, 28 ਮਈ (ਤਰਵਿੰਦਰ ਸਿੰਘ ਬੈਨੀਪਾਲ)-ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਅਰਪਿਤ ਪ੍ਰਾਸ਼ਰ (9ਵਾਂ ਕੋਰਸ) ਅਤੇ ਵਿਸ਼ੇਸ਼ ਸੂਦ (10ਵਾਂ ਕੋਰਸ) ਨੂੰ ਕੇਰਲ ਦੇ ਏਝੀਮਾਲਾ ਵਿਚ ਹੋਈ ਇੰਡੀਅਨ ਨੇਵਲ ਅਕੈਡਮੀ ਦੀ ਪਾਸਿੰਗ ਆਊਟ ਪਰੇਡ (ਪੀ. ਓ. ਪੀ.) ਵਿਚ ਭਾਰਤੀ ਜਲ ਸੈਨਾ 'ਚ ਬਤੌਰ ਅਫ਼ਸਰ ਕਮਿਸ਼ਨ ਮਿਲਿਆ ਹੈ | ਇਸ ਪਰੇਡ ਦਾ ਨਿਰੀਖਣ ਵਾਈਸ ਐਡਮਿਰਲ ਸਮੀਰ ਸਕਸੈਨਾ (ਏ. ਵੀ. ਐਸ. ਐਮ./ਐਨ. ਐਮ. ਦੱਖਣੀ ਨੇਵਲ ਕਮਾਂਡ ਦੇ ਫਲੈਗ ਅਫ਼ਸਰ ਕਮਾਂਡਿੰਗ-ਇੰਨ-ਚੀਫ਼) ਵਲੋਂ ਕੀਤਾ ਗਿਆ | ਸੰਗਰੂਰ ਜ਼ਿਲ੍ਹੇ ਦੇ ਧੂਰੀ ਦੇ ਰਹਿਣ ਵਾਲੇ ਕੈਡਿਟ ਅਰਪਿਤ ਅਤੇ ਮੁਹਾਲੀ ਦੇ ਕੈਡਿਟ ਵਿਸ਼ੇਸ਼ ਸੂਦ ਨੇ ਇੰਸਟੀਚਿਊਟ ਵਿਚ 2 ਸਾਲਾਂ ਦੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਨੈਸ਼ਨਲ ਡਿਫੈਂਸ ਅਕੈਡਮੀ (ਐਨ. ਡੀ. ਏ.) ਵਿਚ 3 ਸਾਲ ਅਤੇ ਆਈ. ਐਨ. ਏ. 'ਚ 1 ਸਾਲ ਦੀ ਸੇਵਾ-ਵਿਸ਼ੇਸ਼ ਸਿਖਲਾਈ ਪੂਰੀ ਕਰ ਲਈ ਹੈ ਅਤੇ ਜਲਦ ਹੀ ਉਹ ਭਾਰਤੀ ਜਲ ਸੈਨਾ ਵਿਚ ਡਿਊਟੀਆਂ ਨਿਭਾਉਣਗੇ | ਦੋਵਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਿਲ ਹੋਣ ਦੇ ਚਾਹਵਾਨ ਸੂਬੇ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ ਵੀ. ਐਸ. ਐਮ. (ਸੇਵਾ-ਮੁਕਤ) ਨੇ ਕਿਹਾ ਕਿ ਇਨ੍ਹਾਂ ਕੈਡਿਟਾਂ ਤੋਂ ਇਲਾਵਾ ਸਾਡੀ ਸੰਸਥਾ ਦੇ 24 ਹੋਰਨਾਂ ਕੈਡਿਟਾਂ ਨੇ ਐਸ. ਐਸ. ਬੀ. ਇੰਟਰਵਿਊ ਪਾਸ ਕਰ ਲਈ ਹੈ, ਜੋ ਕਿ ਜੂਨ 2026 ਤੋਂ ਵੱਖ-ਵੱਖ ਸਿਖਲਾਈ ਅਕੈਡਮੀਆਂ ਵਿਚ ਸ਼ੁਰੂ ਹੋਣ ਵਾਲੇ ਕੋਰਸਾਂ ਲਈ ਜੁਆਈਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ |
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡਿਟ ਅਰਪਿਤ ਤੇ ਵਿਸ਼ੇਸ਼ ਸੂਦ ਭਾਰਤੀ ਜਲ ਸੈਨਾ 'ਚ ਬਣੇ ਅਫ਼ਸਰ
ਅਜੀਤ ਡੈਸਕ
29-05-2026