ਅੰਮਿ੍ਤਸਰ, 29 ਮਈ (ਜਸਵੰਤ ਸਿੰਘ ਜੱਸ)-ਮਜੀਠਾ ਹਲਕੇ ਤੋਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਐਲਾਨੇ ਜਾਣ ਬਾਅਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ 'ਆਪ' ਸਰਕਾਰ ਦੀ ਕਥਿਤ ਧੱਕੇਸ਼ਾਹੀ ਦੇ ਬਾਵਜੂਦ ਕੌਂਸਲ ਦੀਆਂ 6 ਵਾਰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਜੇਤੂ ਰਿਹਾ ਹੈ ਅਤੇ ਅਕਾਲੀ ਉਮੀਦਵਾਰਾਂ ਨੇ 'ਆਪ' ਨਾਲੋਂ ਹਲਕੇ ਵਿਚੋਂ 500 ਵੋਟਾਂ ਵੱਧ ਪ੍ਰਾਪਤ ਕੀਤੀਆਂ ਹਨ | ਅੱਜ ਇਥੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਮਜੀਠਾ ਕੌਂਸਲ ਦੇ ਚੋਣ ਨਤੀਜੇ ਦੇਰੀ ਨਾਲ ਐਲਾਨਣ 'ਤੇ ਸਵਾਲ ਉਠਾਉਂਦਿਆਂ ਦੋਸ਼ ਲਾਇਆ ਕਿ ਅਸਲ ਵਿਚ ਸ਼ੋ੍ਰਮਣੀ ਅਕਾਲੀ ਦਲ ਹਲਕੇ ਦੀਆਂ ਕੁੱਲ 8 ਸੀਟਾਂ ਜਿੱਤਿਆ ਸੀ ਤੇ ਵਾਰਡ ਨੰਬਰ 7 ਤੋਂ ਕਾਂਗਰਸ ਉਮੀਦਵਾਰ ਜਿੱਤ ਰਹੀ ਸੀ, ਪਰ ਸਰਕਾਰ ਨੇ ਕਥਿਤ ਧੱਕੇਸ਼ਾਹੀ ਨਾਲ 'ਆਪ' ਦੇ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ | ਮਜੀਠੀਆ ਨੇ ਕਿਹਾ ਕਿ ਜੇਕਰ ਚੋਣਾਂ ਦੌਰਾਨ ਹਾਈਕੋਰਟ ਵਲੋਂ ਨਿਯੁਕਤ ਆਬਜ਼ਰਵਰ ਨਾ ਹੁੰਦੇ ਨਤੀਜੇ ਹੋਰ ਹੋਣੇ ਸਨ ਤੇ ਅਕਾਲੀ ਦਲ ਦੀ ਜ਼ੀਰੋ ਸੀਟ ਆਉਣੀ ਸੀ | ਉਨ੍ਹਾਂ ਕਿਹਾ ਕਿ ਵਾਰ ਵਾਰ ਗਿਣਤੀ ਦੌਰਾਨ ਕਥਿਤ ਤੌਰ 'ਤੇ ਹਰਾਏ ਗਏ ਵਾਰਡ ਨੰਬਰ 1 ਤੇ 3 ਦੇ ਅਕਾਲੀ ਉਮੀਦਵਾਰਾਂ ਸਮੇਤ ਇਕ ਆਜ਼ਾਦ ਤੇ ਕਾਂਗਰਸੀ ਉਮੀਦਵਾਰਾਂ ਲਈ ਇਨਸਾਫ਼ ਦੀ ਲੜਾਈ ਲੜਾਂਗੇ | ਉਨ੍ਹਾਂ ਕਿਹਾ ਕਿ 11 'ਚੋਂ ਸਾਡੇ 6 ਉਮੀਦਵਾਰ ਜਿੱਤੇ ਹਨ ਤੇ 'ਆਪ' ਨੂੰ ਪਈਆਂ 2783 ਵੋਟਾਂ ਦੇ ਮੁਕਾਬਲੇ ਅਕਾਲੀ ਦਲ ਨੇ 3282 ਵੋਟਾਂ ਪ੍ਰਾਪਤ ਕੀਤੀਆਂ ਹਨ | ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਵਾਰਡ ਨੰਬਰ 1, 3 ਅਤੇ 7 ਦੀ ਨਿਰਪੱਖਤਾ ਨਾਲ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਈ ਜਾਵੇ ਤਾਂ 1 ਅਤੇ 3 ਤੋਂ ਅਕਾਲੀ ਦਲ ਅਤੇ ਵਾਰਡ ਨੰ: 7 ਤੋਂ ਕਾਂਗਰਸ ਦੇ ਉਮੀਦਵਾਰ ਜਿੱਤਣਗੇ | ਇਸ ਮੌਕੇ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ, ਜੇਤੂ ਉਮੀਦਵਾਰਾਂ ਤੋਂ ਇਲਾਵਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਜੋਧ ਸਿੰਘ ਸਮਰਾ ਵੀ ਹਾਜ਼ਰ ਸਨ |