ਅੰਮਿ੍ਤਸਰ, 29 ਮਈ (ਹਰਮਿੰਦਰ ਸਿੰਘ)-ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲਣ, ਬਦਲਵਾਈ ਹੋਣ ਕਰਕੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਅਸਰ ਦੋਵੇਂ ਸੂਬਿਆਂ 'ਚ ਲਗਭਗ ਸਾਰੇ ਇਲਾਕਿਆਂ 'ਚ ਦੇਖਣ ਨੂੰ ਮਿਲਿਆ | ਪੰਜਾਬ 'ਚ 4.6 ਡਿਗਰੀ ਸੈਲਸੀਅਸ ਤੱਕ ਅਤੇ ਹਰਿਆਣਾ 9.2 ਡਿਗਰੀ ਸੈਲਸੀਅਸ ਤੱਕ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ | ਭਲਕੇ ਵੀ ਕਈ ਇਲਾਕਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ | ਮੌਸਮ ਵਿਭਾਗ ਅਨੁਸਾਰ ਲੰਘੇ 24 ਘੰਟਿਆਂ 'ਚ ਪੰਜਾਬ ਦਾ ਬਠਿੰਡਾ ਸਭ ਤੋਂ ਗਰਮ ਰਿਹਾ ਜਿਥੇ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 40.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਇਸ ਦੌਰਾਨ ਬਠਿੰਡਾ ਦੇ ਕੁਝ ਇਲਾਕਿਆਂ 'ਚ ਬਾਰਿਸ਼ ਵੀ ਹੋਈ | ਇਸੇ ਦੌਰਾਨ ਫਾਜ਼ਿਲਕਾ 'ਚ 40 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ | ਅੰਮਿ੍ਤਸਰ 'ਚ 38 ਡਿਗਰੀ, ਲੁਧਿਆਣਾ 'ਚ 37.4 ਡਿਗਰੀ, ਪਟਿਆਲਾ 'ਚ 36.7 ਡਿਗਰੀ, ਪਠਾਨਕੋਟ 'ਚ 38.6 ਡਿਗਰੀ , ਨਵਾਂ ਸ਼ਹਿਰ 'ਚ 35.7 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ | ਇਸੇ ਦੌਰਾਨ ਚੰਡੀਗੜ੍ਹ 'ਚ 4.4 ਡਿਗਰੀ ਤਾਪਮਾਨ 'ਚ ਗਿਰਾਵਟ ਆਈ ਜਿਸ ਦੇ ਨਾਲ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਰਿਹਾ | ਹਰਿਆਣਾ ਦੇ ਕਈ ਇਲਾਕਿਆਂ 'ਚ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਤਾਪਮਾਨ 'ਚ ਗਿਰਾਵਟ ਆਈ | ਸਿਰਸਾ 'ਚ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਮਪਾਨ 39.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜੋ ਇਕ ਦਿਨ ਪਹਿਲਾਂ ਨਾਲੋਂ 5.6 ਡਿਗਰੀ ਸੈਲਸੀਅਸ ਘੱਟ ਸੀ | ਹਰਿਆਣਾ 'ਚ ਸਭ ਵਧੇਰੇ ਤਾਪਮਾਨ 9.2 ਡਿਗਰੀ ਸੈਲਸੀਅਸ ਦਾ ਅੰਤਰ ਚਾਰਖੀ ਦਾਰਦੀ ਵਿਖੇ ਦੇਖਣ ਨੂੰ ਮਿਲਿਆ ਜਿਥੇ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 33.9 ਡਿਗਰੀ ਸੈਲਸੀਅਸ ਰਿਹਾ |