ਮਾਨਸਾ, 1 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਸ਼ੋ੍ਰਮਣੀ ਅਕਾਲੀ ਦਲ ਨਾਲ ਸਮਝੌਤਾ ਪੰਥਕ ਸਿਧਾਂਤਾਂ ਤੋਂ ਬਿਨਾਂ ਕਿਸੇ ਵੀ ਕੀਮਤ 'ਤੇ ਸੰਭਵ ਨਹੀਂ | 2 ਦਸੰਬਰ ਦੇ ਹੁਕਮਨਾਮੇ ਤਹਿਤ ਹੀ ਏਕਤਾ ਹੋ ਸਕਦੀ ਹੈ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ | ਉਹ 'ਅਜੀਤ' ਉੱਪ ਦਫ਼ਤਰ ਮਾਨਸਾ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ | ਸ: ਢੀਂਡਸਾ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਇਹ ਚਰਚਾ ਕਿ ਮੇਰੀ ਸੁਖਬੀਰ ਸਿੰਘ ਬਾਦਲ ਨਾਲ ਕੋਈ ਮਿਲਣੀ ਹੋਈ ਹੈ ਤੇ ਜਲਦ ਹੀ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਹੋਵਾਂਗਾ, ਬੇਬੁਨਿਆਦ ਤੇ ਅਫ਼ਵਾਹ ਹੈ | ਉਨ੍ਹਾਂ ਇਹ ਗੱਲ ਮੰਨੀ ਕਿ ਪੰਥਕ ਏਕਤਾ ਸਮੇਂ ਦੀ ਲੋੜ ਹੈ | ਉਨ੍ਹਾਂ ਨਾਲ ਹੀ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ 'ਵਾਰਿਸ ਪੰਜਾਬ ਦੇ' ਨਾਲ ਸਮਝੌਤਾ ਅਸੀਂ ਨਹੀਂ ਤੋੜਿਆ ਤੇ ਅਜਿਹਾ ਵਾਰਿਸ ਪੰਜਾਬ ਦੇ ਨੇਤਾਵਾਂ ਨੇ ਖ਼ੁਦ ਕੀਤਾ ਹੈ | ਸਾਬਕਾ ਵਿੱਤ ਮੰਤਰੀ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਅੱਜ ਵੱਖ-ਵੱਖ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਰਾਜਪਾਲ ਪੰਜਾਬ ਦੇ ਨਾਂਅ ਮੰਗ ਪੱਤਰ ਭੇਜੇ ਗਏ ਹਨ, ਜਿਨ੍ਹਾਂ 'ਚ ਸੂਬੇ ਦੇ ਭਖਦੇ ਮਾਮਲਿਆਂ ਤੋਂ ਇਲਾਵਾ ਪੰਥਕ ਮੁੱਦੇ ਚੁੱਕੇ ਗਏ ਹਨ | ਉਨ੍ਹਾਂ ਪੰਜਾਬ ਸਰਕਾਰ ਨੂੰ ਹਰ ਫ਼ਰੰਟ 'ਤੇ ਫ਼ੇਲ੍ਹ ਦੱਸਿਆ | ਗੱਲਬਾਤ ਮੌਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਮਨਜੀਤ ਸਿੰਘ ਬੱਪੀਆਣਾ, ਸਤਗੁਰ ਸਿੰਘ ਨਮੋਲ, ਸਤਨਾਮ ਸਿੰਘ ਭਲਾਈਕੇ ਆਦਿ ਹਾਜ਼ਰ ਸਨ |