ਬਰਗਾੜੀ, 1 ਜੂਨ (ਲਖਵਿੰਦਰ ਸ਼ਰਮਾ)-ਅਕਾਲੀ ਦਲ ਵਾਰਿਸ ਪੰਜਾਬ ਵਲੋਂ 1 ਜੂਨ 2015 ਨੂੰ ਗੁਰਦੁਆਰਾ ਸਾਹਿਬ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪਾਂ ਪ੍ਰਤੀ ਪਛਚਾਤਾਪ ਤੇ ਜਾਗਰੂਕਤਾ ਦਿਹਾੜਾ ਗੁਰਦੁਆਰਾ ਸਾਹਿਬ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮਨਾਇਆ ਗਿਆ | ਪਾਠਾਂ ਦੇ ਭੋਗ ਉਪਰੰਤ ਜਥੇਬੰਦੀ ਦੇ ਆਗੂ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਅਕਾਲੀ ਆਗੂ ਮਨਪ੍ਰੀਤ ਸਿੰਘ ਇਯਾਲੀ, ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ, ਲੱਖਾ ਸਿੰਘ ਸਿਧਾਣਾ, ਭਾਈ ਦੀਪ ਸਿੰਘ ਸਿੱਧੂ ਦੇ ਭਰਾਤਾ ਭਾਈ ਮਨਦੀਪ ਸਿੰਘ ਸਿੱਧੂ, ਕੰਵਰਵਿਜੇ ਪ੍ਰਤਾਪ ਸਿੰਘ ਦੇ ਸਾਥੀ ਐਡਵੋਕੇਟ ਹਰਦੀਪ ਸਿੰਘ ਘੁੰਮਣ, ਜ਼ਿਲ੍ਹਾ ਪ੍ਰਧਾਨ ਦਲੇਰ ਸਿੰਘ ਡੋਡ, ਸੰਦੀਪ ਕੌਰ ਖਾਲਸਾ, ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਨੂੰ ਅੱਜ ਗਿਆਰਾਂ ਸਾਲ ਹੋ ਗਏ ਪ੍ਰੰਤੂ ਅਜੇ ਤੱਕ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਬੇਅਦਬੀ, ਬਹਿਬਲ, ਕੋਟਕਪੂਰਾ ਗੋਲੀਕਾਂਡ ਦਾ ਪੂਰਨ ਇਨਸਾਫ਼ ਨਹੀਂ ਮਿਲ ਸਕਿਆ | ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਨਸਾਫ ਦੇਣ ਦੇ ਨਾਂਅ 'ਤੇ ਸਰਕਾਰਾਂ ਬਣਾਈਆਂ ਪ੍ਰੰਤੂ ਸਿੱਖ ਸੰਗਤਾਂ ਨੂੰ ਇਨਸਾਫ ਨਹੀਂ ਦੇ ਸਕੀਆਂ | ਆਮ ਆਦਮੀ ਪਾਰਟੀ ਨੇ ਇਸ ਮੁੱਦੇ ਦੀ ਜਾਂਚ ਕਰਨ ਵਾਲੇ ਇਮਾਨਦਾਰ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਨੌਕਰੀ ਤੋਂ ਅਸਤੀਫ਼ਾ ਦਿਵਾ ਕੇ ਆਪਣੀ ਪਾਰਟੀ ਵਿਚ ਸ਼ਾਮਿਲ ਕਰਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਾਂਅ ਪੂਰੇ ਪੰਜਾਬ ਵਿਚ ਵਰਤ ਕੇ ਵੋਟਾਂ ਲਈਆਂ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਇਸੇ ਕੁੰਵਰ ਵਿਜੇ ਪ੍ਰਤਾਪ ਦੀ ਕੋਈ ਗੱਲ ਨਹੀਂ ਸੁਣੀ ਗਈ | ਬੁਲਾਰਿਆਂ ਨੇ ਕਿਹਾ ਕਿ ਸਾਨੂੰ ਪੰਜਾਬ ਨੂੰ ਬਚਾਉਣ ਲਈ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦਾ ਖਹਿੜਾ ਛੱਡ ਕੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਵਾਰਿਸ ਪੰਜਾਬ ਜਥੇਬੰਦੀ ਦਾ ਸਾਥ ਦੇਣਾ ਚਾਹੀਦਾ ਹੈ | ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਆਪਣੇ ਕਾਫ਼ਲੇ ਨਾਲ ਗੁਰਦੁਆਰਾ ਸਾਹਿਬ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇ, ਜਿਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਉਪਰੰਤ ਬਾਪੂ ਤਰਸੇਮ ਸਿੰਘ, ਲੋਕ ਸਭਾ ਮੈਂਬਰ ਸਰਬਜੀਤ ਸਿੰਘ, ਲੱਖਾ ਸਿੰਘ ਸਧਾਣਾ, ਮਨਪ੍ਰੀਤ ਸਿੰਘ ਇਯਾਲੀ, ਸੰਦੀਪ ਕੌਰ ਖਾਲਸਾ, ਮਨਦੀਪ ਸਿੰਘ ਸਿੱਧੂ, ਦਲੇਰ ਸਿੰਘ ਡੋਡ ਆਦਿ ਦੀ ਅਗਵਾਈ ਹੇਠ ਜਾਗਰੁਕਤਾ ਮਾਰਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਕੋਟਕਪੂਰਾ ਲਈ ਰਵਾਨਾ ਹੋਇਆ ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ, ਸੰਗਤਾਂ ਨੇ ਭਾਗ ਲਿਆ |