29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਜਥੇਦਾਰ ਗੜਗੱਜ ਵਲੋਂ ਦਮਦਮੀ ਟਕਸਾਲ (ਸੰਗਰਾਵਾਂ) ਦੇ ਗੁਰਮਤਿ ਸਮਾਗਮ 'ਚ ਕੀਤੀ ਸ਼ਿਰਕਤ ਨਾਲ ਪੰਥਕ ਲੀਡਰਸ਼ਿਪ ਦਰਮਿਆਨ ਮਤਭੇਦ ਹੋਏ ਉਜ਼ਾਗਰ

Ad Position 21
No active advertisement
ਅਜੀਤ ਡੈਸਕ 07-06-2026

ਧਾਮੀ ਤੇ ਹੋਰ ਸਿੰਘ ਸਾਹਿਬਾਨ ਨੇ ਦਮਦਮੀ ਟਕਸਾਲ (ਮਹਿਤਾ) ਦੇ ਸਮਾਗਮ ਵਿਚ ਭਰੀ ਹਾਜ਼ਰੀ
ਅੰਮਿ੍ਤਸਰ, 6 ਜੂਨ (ਜਸਵੰਤ ਸਿੰਘ ਜੱਸ)-ਜੂਨ '84 ਦੇ ਤੀਜੇ ਘੱਲੂਘਾਰਾ ਸ਼ਹੀਦੀ ਦਿਹਾੜੇ ਮੌਕੇ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਇਕ ਝੰਡੇ ਹੇਠ ਇੱਕਜੁੱਟ ਹੋ ਕੇ ਮੁਕਾਬਲਾ ਕਰਨ ਦਾ ਸੁਨੇਹਾ ਦੇਣ ਵਾਲੇ ਕਈ ਸਿੱਖ ਧਾਰਮਿਕ ਆਗੂਆਂ ਦੀਆਂ ਸੁਰਾਂ ਵੱਖੋ ਵੱਖ ਰਹੀਆਂ | ਅੱਜ ਘੱਲੂਘਾਰਾ ਸ਼ਹੀਦੀ ਦਿਹਾੜਾ ਮਨਾਉਣ ਅਤੇ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਸ਼ੋ੍ਰਮਣੀ ਕਮੇਟੀ ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਅਤੇ ਦਿੱਲੀ ਸਿੱਖ ਗੁ: ਪ੍ਰ: ਕਮੇਟੀ ਨੂੰ ਛੱਡ ਕੇ ਹੋਰਨਾਂ ਵੱਖ-ਵੱਖ ਧਾਰਿਮਕ ਅਤੇ ਸਿੱਖ ਜਥੇਬੰਦੀਆਂ ਦੇ ਮੁਖੀਆਂ ਅਤੇ ਪ੍ਰਤੀਨਿਧਾਂ ਨੇ ਸ਼ਿਰਕਤ ਕੀਤੀ, ਉਥੇ ਦਮਦਮੀ ਟਕਸਾਲ (ਚੌਕ ਮਹਿਤਾ) ਅਤੇ ਦਮਦਮੀ ਟਕਸਾਲ (ਸੰਗਰਾਵਾਂ) ਵਲੋਂ ਵੀ ਘੱਲੂਘਾਰੇ ਨੂੰ ਸਮਰਪਿਤ ਵੱਖੋ ਵੱਖਰੇ ਸਮਾਗਮ ਕੀਤੇ ਗਏ | ਦਮਦਮੀ ਟਕਸਾਲ ਵਲੋਂ ਮਹਿਤਾ ਚੌਕ ਵਿਖੇ ਵੱਖਰਾ ਘੱਲੂਘਾਰਾ ਯਾਦਗਾਰੀ ਸਮਾਗਮ ਕਰਵਾਏ ਜਾਣ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਟਕਸਾਲ ਮੁਖੀ ਅਤੇ ਸੰਤ ਸਮਾਜ ਦੇ ਸੀਨੀਅਰ ਆਗੂ ਬਾਬਾ ਹਰਨਾਮ ਸਿੰਘ ਖ਼ਾਲਸਾ ਅਤੇ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਬਜ਼ੁਰਗ ਪੰਥਕ ਆਗੂੁ ਸਿਮਰਨਜੀਤ ਸਿੰਘ ਮਾਨ ਦਰਮਿਆਨ ਇਕ ਦੂਜੇ ਪ੍ਰਤੀ ਸ਼ਬਦੀ ਜੰਗ ਜਾਰੀ ਹੈ ਤੇ ਜਿਵੇਂ ਟਕਸਾਲ ਮੁਖੀ ਅਕਾਲ ਤਖ਼ਤ ਸਾਹਿਬ ਵਾਲੇ ਸਮਾਗਮ ਵਿਚ ਨਹੀਂ ਪੁੱਜੇ, ਉਥੇ ਸਿਮਰਨਜੀਤ ਸਿੰਘ ਮਾਨ ਵੀ ਟਕਸਾਲ ਦੇ ਸਮਾਗਮ ਵਿਚ ਨਹੀਂ ਸ਼ਾਮਿਲ ਹੋਏ | ਇਸ ਤੋਂ ਇਲਾਵਾ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਟਕਸਾਲ ਮੁਖੀ ਦੁਆਰਾ ਉਨ੍ਹਾਂ ਦੀ ਨਿਯੁਕਤੀ ਤੇ ਸੇਵਾ ਸੰਭਾਲ ਦੇ ਤਰੀਕੇ ਨੂੰ ਲੈ ਕੇ ਜਤਾਏ ਜਾ ਰਹੇ ਇਤਰਾਜ਼ ਦੇ ਚੱਲਦਿਆਂ ਉਨ੍ਹਾਂ ਵਲੋਂ ਚੌਕ ਮਹਿਤਾ ਵਿਖੇ ਕਰਵਾਏ ਜਾ ਰਹੇ ਘੱਲੂਘਾਰਾ ਯਾਦਗਾਰੀ ਸਮਾਗਮ ਵਿਚ ਇਸ ਵਾਰ ਵੀ ਸ਼ਾਮਿਲ ਨਹੀਂ ਹੋਏ | ਜਥੇਦਾਰ ਗੜਗੱਜ ਵਲੋਂ ਗਿਆਨੀ ਰਾਮ ਸਿੰਘ ਦੀ ਅਗਵਾਈ ਵਾਲੇ ਦਮਦਮੀ ਟਕਸਾਲ ਸੰਗਰਾਵਾਂ ਵਲੋਂ ਘੱਲੂਘਾਰਾ ਨੂੰ ਸਮਰਪਿਤ ਕਰਵਾਏ ਗੁਰਮਤਿ ਸਮਾਗਮ ਵਿਚ ਜ਼ਰੂਰ ਸ਼ਿਰਕਤ ਕੀਤੀ ਗਈ | ਉਪਰੰਤ ਉਨ੍ਹਾਂ ਸੋਸ਼ਲ ਮੀਡੀਆ 'ਤੇ ਇਸ ਸਮਾਗਮ ਵਿਚ ਸ਼ਮੂਲੀਅਤ ਸੰਬੰਧੀ ਸੂਚਨਾ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ | ਉਨ੍ਹਾਂ ਲਿਖਿਆ ਕਿ ਜੂਨ 1984 ਘੱਲੂਘਾਰੇ ਦੇ ਸ਼ਹੀਦੀ ਸਮਾਗਮ ਦੌਰਾਨ ਦਮਦਮੀ ਟਕਸਾਲ (ਸੰਗਰਾਵਾਂ) ਵਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਵਿਚ ਸ਼ਮੂਲੀਅਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ | ਗੁਰੂ ਕੀਆਂ ਸੰਗਤਾਂ ਵੱਡੀ ਗਿਣਤੀ ਵਿਚ ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਤੇ ਭੁਝੰਗੀਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਇਕੱਠੀਆਂ ਹੋਈਆਂ ਤੇ ਹਾਜ਼ਰ ਸੰਗਤਾਂ ਨਾਲ ਗੁਰਮਤਿ ਅਤੇ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਈ | ਇਥੇ ਜ਼ਿਕਰਯੋਗ ਹੈ ਕਿ ਜਿੱਥੇ ਸ਼ੋ੍ਰਮਣੀ ਕਮੇਟੀ ਪ੍ਰਧਾਨ, ਕਈ ਸਿੰਘ ਸਾਹਿਬਾਨ ਅਤੇ ਮੈਂਬਰਾਂ ਨੇ ਚੌਕ ਮਹਿਤਾ ਵਾਲੇ ਸਮਾਗਮ ਵਿਚ ਵੀ ਸ਼ਿਰਕਤ ਕੀਤੀ, ਉਥੇ ਦਿੱਲੀ ਸਿੱਖ ਗੁ: ਪ੍ਰ: ਕਮੇਟੀ ਦੇ ਅਹੁਦੇਦਾਰ ਅਕਾਲ ਤਖ਼ਤ ਸਾਹਿਬ ਵਾਲੇ ਸਮਾਗਮ ਦੀ ਥਾਂ ਚੌਕ ਮਹਿਤਾ ਵਾਲੇ ਸਮਾਗਮ ਵਿਚ ਹੀ ਸ਼ਾਮਿਲ ਹੋਏ ਦੱਸੇ ਜਾਂਦੇ ਹਨ | ਵੱਖ-ਵੱਖ ਹੋਏ ਘੱਲੂਘਾਰਾ ਸਮਾਗਮਾਂ ਵਿਚ ਵੱਖ-ਵੱਖ ਸਿੱਖ ਆਗੂਆਂ ਦੀ ਸ਼ਮੂਲੀਅਤ ਤੇ ਗ਼ੈਰ ਹਾਜ਼ਰੀ ਨੂੰ ਲੈ ਆਉਂਦੇ ਦਿਨਾਂ ਵਿਚ ਮਤਭੇਦ ਖਤਮ ਹੋਣ ਦੀ ਥਾਂ ਹੋਰ ਪੈਦਾ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਡਾਕਟਰ ਨੇ ਪਟਿਆਲਾ ਪੁਲਿਸ 'ਤੇ ਕੁੱਟਮਾਰ ਤੇ ਅਗਵਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਲਾਏ ਦੋਸ਼ <br/> ਅਗਲੀ ਖ਼ਬਰ 8 ਪੰਜਾਬ ਬਟਾਲੀਅਨ ਐਨਸੀਸੀ ਵਲੋਂ ਟ੍ਰੇਨਿੰਗ ਕੈਂਪ ਲਗਾਇਆ
Ad Position 24