ਅੰਮਿ੍ਤਸਰ, 8 ਜੂਨ (ਜਸਵੰਤ ਸਿੰਘ ਜੱਸ)-ਮੂਲ ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਚੱਲਦਿਆਂ ਸ਼ੋ੍ਰਮਣੀ ਕਮੇਟੀ ਵਲੋਂ ਕਰੀਬ 11 ਵਰਿ੍ਹਆਂ ਬਾਅਦ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਸ਼ਹੀਦੀ ਪੁਰਬ ਮਨਾਉਣ ਲਈ 10 ਜੂਨ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾਵੇਗਾ | ਇਸ ਲਈ ਨਵੀਂ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਵਲੋਂ ਸ਼੍ਰੋਮਣੀ ਕਮੇਟੀ ਨੂੰ 541 ਸ਼ਰਧਾਲੂਆਂ ਲਈ ਵੀਜ਼ੇ ਜਾਰੀ ਕੀਤੇ ਗਏ ਹਨ | ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਅਤੇ ਯਾਤਰਾ ਵਿਭਾਗ ਦੇ ਇੰਚਾਰਜ ਜਗਜੀਤ ਸਿੰਘ ਜੱਗਾ ਨੇ ਦੱਸਿਆ ਕਿ ਸ਼ਹੀਦੀ ਪੁਰਬ ਲਈ ਸ਼੍ਰੋਮਣੀ ਕਮੇਟੀ ਵਲੋਂ 561 ਸ਼ਰਧਾਲੂਆਂ ਦੇ ਪਾਸਪੋਰਟ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 541 ਸ਼ਰਧਾਲੂਆਂ ਦੇ ਵੀਜ਼ੇ ਪ੍ਰਾਪਤ ਹੋ ਗਏ ਹਨ, ਪਰ ਕਿਸੇ ਕਾਰਨ 20 ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਮਿਲ ਸਕਿਆ | ਸਕੱਤਰ ਮਥਰੇਵਾਲ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਵੀਜ਼ਾ ਲੱਗੇ ਪਾਸਪੋਰਟ ਕੱਲ 9 ਜੂਨ ਨੂੰ ਸਵੇਰੇ 10 ਵਜੇ ਦੇ ਕਰੀਬ ਸ਼੍ਰੋਮਣੀ ਕਮੇਟੀ ਮੁੱਖ ਦਫਤਰ ਤੋਂ ਵੰਡੇ ਜਾਣਗੇ | ਉਨ੍ਹਾਂ ਕਿਹਾ ਕਿ ਇਹ ਜਥਾ 10 ਜੂਨ ਨੂੰ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਵਿਚ ਅਟਾਰੀ -ਵਾਹਗਾ ਸਰਹੱਦ ਰਸਤੇ ਪਾਕਿ ਲਈ ਰਵਾਨਾ ਹੋਵੇਗਾ ਤੇ 19 ਜੂਨ ਨੂੰ ਵਾਪਸ ਦੇਸ਼ ਪਰਤ ਆਵੇਗਾ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸ਼ਰਧਾਲੂਆਂ ਨੂੰ ਕਿਸੇ ਕਾਰਨ ਵੀਜ਼ਾ ਨਹੀਂ ਮਿਲਿਆ ਉਨ੍ਹਾਂ ਦਾ ਲੜ੍ਹੀ ਨੰਬਰ 82, 85, 86, 102, 125, 138, 182, 183, 240, 251, 293, 329, 330, 331, 352, 395, 438, 439, 440, 441 ਹੈ | ਪ੍ਰਾਪਤ ਵੇਰਵਿਆਂ ਅਨੁਸਾਰ 10 ਜੂਨ ਨੂੰ ਸ਼ੋ੍ਰਮਣੀ ਕਮੇਟੀ ਤੋਂ ਇਲਾਵਾ ਦਿੱਲੀ ਸਿੱਖ ਗੁ: ਪ੍ਰ: ਕਮੇਟੀ, ਹਰਿਆਣਾ ਸਿੱਖ ਗੁ: ਕਮੇਟੀ ਅਤੇ ਤੇ ਜੰਮੂ ਕਸ਼ਮੀਰ ਤੇ ਹੋਰ ਰਾਜਾਂ ਨਾਲ ਸੰਬੰਧਿਤ ਜਥਿਆਂ ਨਾਲ ਸੰਬੰਧਿਤ ਕੁੱਲ 700 ਦੇ ਕਰੀਬ ਸ਼ਰਧਾਲੂ ਪਾਕਿਸਤਾਨ ਜਾ ਰਹੇ ਹਨ |