ਚੰਡੀਗੜ੍ਹ, 8 ਜੂਨ (ਅਜੀਤ ਬਿਊਰੋ)-ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਗਠਿਤ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਸਿੱਖਿਆ ਵਿਭਾਗ ਦੀਆਂ ਪੰਜ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨਾਲ ਉਨ੍ਹਾਂ ਦੇ ਮਸਲਿਆਂ ਅਤੇ ਮੰਗਾਂ 'ਤੇ ਹਮਦਰਦੀ ਪੂਰਕ ਵਿਚਾਰ-ਵਟਾਂਦਰਾ ਕਰਨ ਲਈ ਵਿਸਥਾਰਪੂਰਵਕ ਮੀਟਿੰਗਾਂ ਕੀਤੀਆਂ | ਇਸ ਸਬੰਧੀ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ ਮੀਟਿੰਗਾਂ ਦਾ ਉਦੇਸ਼ ਇਕ ਸਾਰਥਕ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਹੈ, ਜੋ ਪੰਜਾਬ ਸਰਕਾਰ ਦੀ ਆਪਣੇ ਕਰਮਚਾਰੀਆਂ ਦੀ ਭਲਾਈ ਤੇ ਚਿੰਤਾਵਾਂ ਨੂੰ ਯੋਜਨਾਬੱਧ ਤਰੀਕੇ ਨਾਲ ਹੱਲ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਮੀਟਿੰਗ ਦੌਰਾਨ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਵਿੱਤ ਮੰਤਰੀ ਨੂੰ ਯੂਨੀਅਨਾਂ ਦੀਆਂ ਮੰਗਾਂ ਦੇ ਸਬੰਧ ਵਿਚ ਮੌਜੂਦਾ ਪ੍ਰਸ਼ਾਸਨਿਕ ਸਥਿਤੀ ਅਤੇ ਉਨ੍ਹਾਂ ਦੇ ਹੱਲ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਜਾਣੂ ਕਰਵਾਇਆ | ਵਿਭਾਗ ਦੇ ਪੱਖ ਦੀ ਬਰੀਕੀ ਨਾਲ ਸਮੀਖਿਆ ਕਰਨ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਹੱਲ ਕਰਨ ਲਈ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਵਿਚ ਤੇਜ਼ੀ ਲਿਆਉਣ | ਇਨ੍ਹਾਂ ਸੈਸ਼ਨਾਂ ਵਿਚ ਬੇਰੁਜ਼ਗਾਰ ਪੀ.ਐਸ.ਟੀ.ਈ.ਟੀ. ਪਾਸ ਆਰਟ ਐਂਡ ਕ੍ਰਾਫਟ ਸੰਘਰਸ਼ ਯੂਨੀਅਨ, ਅਨ-ਏਡਿਡ ਸਟਾਫ਼ ਆਫ਼ ਏਡਿਡ ਸਕੂਲ ਫਰੰਟ, ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ, ਮੈਰੀਟੋਰੀਅਸ ਟੀਚਰਜ਼ ਯੂਨੀਅਨ ਅਤੇ ਬੇਰੁਜ਼ਗਾਰ ਬੀ.ਐਡ. ਟੈਟ ਪਾਸ ਅਧਿਆਪਕ ਯੂਨੀਅਨ ਦੇ ਪ੍ਰਤੀਨਿਧ ਵਫ਼ਦਾਂ ਨੇ ਸ਼ਿਰਕਤ ਕੀਤੀ | ਮੀਟਿੰਗਾਂ ਦੌਰਾਨ ਬੇਰੁਜ਼ਗਾਰ ਪੀ.ਐਸ.ਟੀ.ਈ.ਟੀ. ਪਾਸ ਆਰਟ ਐਂਡ ਕ੍ਰਾਫਟ ਸੰਘਰਸ਼ ਯੂਨੀਅਨ ਵਲੋਂ ਰਾਕੇਸ਼ ਕੁਮਾਰ, ਕਿਰਨਦੀਪ ਕੌਰ ਅਤੇ ਹਰਬੰਸ ਸਿੰਘ, ਅਨ-ਏਡਿਡ ਸਟਾਫ਼ ਆਫ਼ ਏਡਿਡ ਸਕੂਲ ਫਰੰਟ ਵੱਲੋਂ ਨਿਰਭੈ ਸਿੰਘ, ਸੁਖਚੈਨ ਸਿੰਘ ਅਤੇ ਜਸਵੰਤ ਸਿੰਘ, ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋਂ ਵਿਕਾਸ ਸਾਹਨੀ, ਲਖਵਿੰਦਰ ਕੌਰ ਅਤੇ ਵਰੁਣ ਖੇੜਾ, ਮੈਰੀਟੋਰੀਅਸ ਟੀਚਰਜ਼ ਯੂਨੀਅਨ ਵੱਲੋਂ ਡਾ. ਟੀਨਾ, ਸਿਮਰਨ ਅਤੇ ਰਾਕੇਸ਼, ਅਤੇ ਬੇਰੁਜ਼ਗਾਰ ਬੀ.ਐਡ. ਟੈਟ ਪਾਸ ਅਧਿਆਪਕ ਯੂਨੀਅਨ ਵੱਲੋਂ ਜਸਵੰਤ ਘੁਬਾਇਆ, ਹਰਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਆਪਣਾ ਪੱਖ ਪੇਸ਼ ਕੀਤਾ |
ਸਰਕਾਰ ਗੱਲਬਾਤ ਤੇ ਸਹਿਮਤੀ ਰਾਹੀਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ-ਹਰਪਾਲ ਸਿੰਘ ਚੀਮਾ <br/>
ਅਜੀਤ ਡੈਸਕ
09-06-2026