ਬਲਵਿੰਦਰ ਸਿੰਘ
ਚੋਹਲਾ ਸਾਹਿਬ, 8 ਜੂਨ-ਪੰਜਾਬ ਭਰ ਦੇ ਸੇਵਾ ਕੇਂਦਰਾਂ ਵਿਚ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਾਰ-ਵਾਰ ਕੀਤੀਆਂ ਜਾ ਰਹੀਆਂ ਲਗਾਤਾਰ ਹੜਤਾਲਾਂ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਰੂਰੀ ਸਰਕਾਰੀ ਕੰਮਾਂ ਲਈ ਸੇਵਾ ਕੇਂਦਰਾਂ ਦਾ ਰੁਖ ਕਰਨ ਵਾਲੇ ਲੋਕਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ, ਜਦਕਿ ਘੱਟ ਤਨਖਾਹਾਂ ਤੇ ਵਧਦੇ ਕੰਮ ਦੇ ਬੋਝ ਕਾਰਨ ਕਰਮਚਾਰੀ ਵੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2018 ਵਿਚ ਸੇਵਾ ਕੇਂਦਰਾਂ ਦੀ ਗਿਣਤੀ ਘਟਾਏ ਜਾਣ ਤੋਂ ਬਾਅਦ ਸੇਵਾਵਾਂ ਦਾ ਦਾਇਰਾ ਤਾਂ ਲਗਾਤਾਰ ਵਧਾਇਆ ਗਿਆ, ਪਰ ਸੇਵਾ ਕੇਂਦਰਾਂ ਤੇ ਕਰਮਚਾਰੀਆਂ ਦੀ ਗਿਣਤੀ ਵਿਚ ਲੋੜੀਂਦਾ ਵਾਧਾ ਨਹੀਂ ਕੀਤਾ ਗਿਆ | ਨਤੀਜੇ ਵਜੋਂ ਮੌਜੂਦਾ ਸੇਵਾ ਕੇਂਦਰਾਂ 'ਤੇ ਲੋਕਾਂ ਦੀ ਭੀੜ ਦਿਨੋਂ-ਦਿਨ ਵਧਦੀ ਜਾ ਰਹੀ ਹੈ ਤੇ ਕਰਮਚਾਰੀ ਭਾਰੀ ਕੰਮ ਦੇ ਬੋਝ ਹੇਠ ਕੰਮ ਕਰਨ ਲਈ ਮਜ਼ਬੂਰ ਹਨ | ਇਸ ਸਮੇਂ ਪੰਜਾਬ ਦੇ ਕਈ ਸੇਵਾ ਕੇਂਦਰਾਂ ਵਿਚ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਹਨ, ਜਿਸ ਕਾਰਨ ਸਰਕਾਰੀ ਸੇਵਾਵਾਂ ਲੈਣ ਲਈ ਆਉਣ ਵਾਲੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈ ਰਿਹਾ ਹੈ | ਪਹਿਲਾਂ ਹੀ ਘੱਟ ਸੇਵਾ ਕੇਂਦਰਾਂ ਤੇ ਸੀਮਤ ਸਟਾਫ਼ ਕਾਰਨ ਲੋਕਾਂ ਨੂੰ ਲੰਬੀਆਂ ਕਤਾਰਾਂ ਵਿਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ, ਪਰ ਹੁਣ ਹੜਤਾਲਾਂ ਨੇ ਇਹ ਸਮੱਸਿਆ ਹੋਰ ਗੰਭੀਰ ਬਣਾ ਦਿੱਤੀ ਹੈ | ਜਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 2016 ਵਿਚ ਕਰੀਬ 500 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਭਰ ਵਿਚ ਸੇਵਾ ਕੇਂਦਰਾਂ ਦਾ ਜਾਲ ਵਿਛਾਇਆ ਗਿਆ ਸੀ ਤੇ ਲਗਪਗ 2620 ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਸੀ | ਬਾਅਦ ਵਿਚ 24 ਜਨਵਰੀ 2018 ਨੂੰ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਕਈ ਸੇਵਾ ਕੇਂਦਰਾਂ ਨੂੰ ਬੰਦ ਕਰਨ ਦੇ ਫ਼ੈਸਲੇ ਨਾਲ ਸੇਵਾਵਾਂ ਕੁਝ ਚੁਣਵੇਂ ਕੇਂਦਰਾਂ ਤੱਕ ਸੀਮਤ ਹੋ ਗਈਆਂ | ਬਾਅਦ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਨ੍ਹਾਂ ਸੇਵਾ ਕੇਂਦਰਾਂ ਨੂੰ ਦੁਬਾਰਾ ਚਾਲੂ ਕਰਨ ਦੀ ਬਜਾਏ ਸੇਵਾ ਕੇਂਦਰ ਦੀਆਂ ਇਮਾਰਤਾਂ ਦੇ ਦਾਇਰੇ ਨੂੰ ਸੀਮਤ ਕਰਕੇ ਇਨ੍ਹਾਂ ਇਮਾਰਤਾਂ ਵਿਚ ਆਮ ਆਦਮੀ ਕਲੀਨਿਕ ਸਥਾਪਤ ਕਰ ਦਿੱਤੇ ਗਏ | ਤਰਨ ਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਪਹਿਲਾਂ 99 ਸੇਵਾ ਕੇਂਦਰ ਕਾਰਜਸ਼ੀਲ ਸਨ, ਜਦਕਿ ਹੁਣ ਕੇਵਲ 21 ਸੇਵਾ ਕੇਂਦਰ ਹੀ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ | ਮੌਜੂਦਾ ਸਮੇਂ ਸੇਵਾ ਕੇਂਦਰਾਂ ਰਾਹੀਂ ਕਰੀਬ 425 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਹਨ | ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ ਨਿੱਜੀ ਕੰਪਨੀ ਰਾਹੀਂ ਸਿਰਫ਼ 8 ਤੋਂ 10 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਂਦੀ ਹੈ ਤੇ ਕਈ ਸਾਲਾਂ ਤੋਂ ਤਨਖਾਹਾਂ ਵਿਚ ਕੋਈ ਵਾਧਾ ਨਹੀਂ ਹੋਇਆ | ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਸੇਵਾ ਕੇਂਦਰਾਂ ਦਾ ਪ੍ਰਬੰਧ ਸਿੱਧੇ ਆਪਣੇ ਹੱਥਾਂ ਵਿਚ ਲੈ ਕੇ ਨਵੇਂ ਕੇਂਦਰ ਖੋਲ੍ਹਣ ਤੇ ਹੋਰ ਕਰਮਚਾਰੀਆਂ ਦੀ ਭਰਤੀ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ |
ਮੰਗਾਂ ਸੰਬੰਧੀ ਅੱਜ ਅਮਨ ਅਰੋੜਾ ਨਾਲ ਹੋਵੇਗੀ ਬੈਠਕ
ਪਟਿਆਲਾ, (ਧਰਮਿੰਦਰ ਸਿੰਘ ਸਿੱਧੂ)-ਸੂਬੇ ਭਰ ਦੇ ਸੇਵਾ ਕੇਂਦਰਾਂ ਦੇ ਮੁਲਾਜ਼ਮ ਪਿਛਲੀ 26 ਮਈ ਤੋਂ ਵੱਖ ਵੱਖ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਹਨ | ਜਿਸ ਕਾਰਨ ਸੂਬੇ ਦੇ ਲਗਪਗ 543 ਸੇਵਾ ਕੇਂਦਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ | ਅੱਜ ਸੂਬੇ ਭਰ ਦੇ ਸੇਵਾ ਕੇਂਦਰ ਦੇ ਮੁਲਾਜ਼ਮ ਆਗੂਆਂ ਦੇ ਦੱਸਣ ਮੁਤਾਬਿਕ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮੀਟਿੰਗ ਕੀਤੀ ਜਾਵੇਗੀ | ਜਿਸ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਹਾਲੇ ਇਹ ਧਰਨਾ ਅੱਗੇ ਚੱਲੇਗਾ ਜਾਂ ਫਿਰ 10 ਸਾਲਾਂ ਤੋਂ ਘੱਟ ਤਨਖਾਹ 'ਤੇ ਕੰਮ ਕਰਦੇ ਸੇਵਾ ਕੇਂਦਰ ਦੇ ਮੁਲਾਜਮਾਂ ਦੀਆਂ ਮੰਗਾਂ ਸਰਕਾਰ ਦਰਬਾਰੇ ਸੁਣੀਆਂ ਜਾਣਗੀਆਂ |
ਸੇਵਾ ਕੇਂਦਰਾਂ ਦੀਆਂ ਹੜਤਾਲਾਂ ਨੇ ਵਧਾਈ ਲੋਕਾਂ ਦੀ ਪ੍ਰੇਸ਼ਾਨੀ <br/>
ਅਜੀਤ ਡੈਸਕ
09-06-2026