13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪੰਜਾਬ ਕਾਂਗਰਸ ਲੀਡਰਸ਼ਿਪ 'ਚ ਤਬਦੀਲੀ ਨੂੰ ਲੈ ਕੇ ਆਖਿਰ ਦੁਬਿਧਾ ਵਿਚ ਕਿਉਂ ਹੈ ਕਾਂਗਰਸ ਹਾਈਕਮਾਨ

Ad Position 21
No active advertisement
ਅਜੀਤ ਡੈਸਕ 13-06-2026

ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 12 ਜੂਨ-ਪੰਜਾਬ ਕਾਂਗਰਸ ਦੀ ਲੀਡਰਸ਼ਿਪ 'ਚ ਸੰਭਾਵਿਤ ਤਬਦੀਲੀ ਨੂੰ ਲੈ ਕੇ ਚਰਚਾਵਾਂ ਲਗਾਤਾਰ ਜਾਰੀ ਹਨ, ਪਰ ਕਾਂਗਰਸ ਹਾਈਕਮਾਨ ਅਜੇ ਤੱਕ ਕਿਸੇ ਅੰਤਿਮ ਫੈਸਲੇ 'ਤੇ ਨਹੀਂ ਪਹੁੰਚ ਸਕੀ | ਪਾਰਟੀ ਵਲੋਂ ਪੰਜਾਬ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਤਿੰਨ ਸੀਨੀਅਰ ਨਿਗਰਾਨ ਨਿਯੁਕਤ ਕੀਤੇ ਗਏ ਹਨ, ਜੋ ਸੂਬੇ ਦੇ ਆਗੂਆਂ, ਵਿਧਾਇਕਾਂ ਅਤੇ ਹੋਰ ਪਾਰਟੀ ਅਹੁਦੇਦਾਰਾਂ ਨਾਲ ਗੱਲਬਾਤ ਕਰਕੇ ਆਪਣੀ ਰਿਪੋਰਟ ਹਾਈਕਮਾਨ ਨੂੰ ਸੌਂਪਣਗੇ | ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਵਿਚ ਇਸ ਸਮੇਂ ਕਈ ਧੜੇ ਸਰਗਰਮ ਹਨ ਅਤੇ ਹਰ ਧੜਾ ਆਪਣੇ ਪੱਖ ਵਿਚ ਫੈਸਲਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਅਜਿਹੇ ਹਾਲਾਤ ਵਿਚ ਹਾਈਕਮਾਨ ਲਈ ਕਿਸੇ ਇਕ ਚਿਹਰੇ ਜਾਂ ਟੀਮ ਨੂੰ ਅੱਗੇ ਲਿਆਉਣਾ ਆਸਾਨ ਨਹੀਂ ਦਿਖਾਈ ਦੇ ਰਿਹਾ | ਇਹੀ ਕਾਰਨ ਹੈ ਕਿ ਫੈਸਲੇ ਵਿਚ ਲਗਾਤਾਰ ਦੇਰੀ ਹੋ ਰਹੀ ਹੈ | ਪਾਰਟੀ ਦੇ ਅੰਦਰ ਇਹ ਵੀ ਚਰਚਾ ਹੈ ਕਿ ਕੀ ਸਿਰਫ਼ ਨਿਗਰਾਨਾਂ ਦੀ ਰਿਪੋਰਟ ਦੇ ਆਧਾਰ 'ਤੇ ਹਾਈਕਮਾਨ ਪੰਜਾਬ ਦੀ ਅਸਲ ਜ਼ਮੀਨੀ ਸਥਿਤੀ ਨੂੰ ਸਮਝ ਸਕੇਗੀ | ਕਈ ਆਗੂਆਂ ਦਾ ਮੰਨਣਾ ਹੈ ਕਿ ਸੂਬੇ ਦੀ ਸਿਆਸਤ ਕਾਫ਼ੀ ਗੁੰਝਲਦਾਰ ਹੈ ਅਤੇ ਸਿਰਫ਼ ਕੁਝ ਦਿਨਾਂ ਦੀ ਮੀਟਿੰਗਾਂ ਦੇ ਆਧਾਰ 'ਤੇ ਕੋਈ ਵੱਡਾ ਫ਼ੈਸਲਾ ਲੈਣਾ ਜੋਖ਼ਮ ਭਰਿਆ ਹੋ ਸਕਦਾ ਹੈ | ਹਾਲਾਂਕਿ ਨਿਗਰਾਨਾਂ ਦੀ ਰਿਪੋਰਟ ਲੀਡਰਸ਼ਿਪ ਤਬਦੀਲੀ ਨੂੰ ਲੈ ਕੇ ਹੋਵੇਗੀ ਜਾਂ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਨੂੰ ਲੈ ਕੇ, ਇਹ ਗੱਲ ਹਾਈਕਮਾਨ ਨੇ ਸਾਫ਼ ਨਹੀਂ ਕੀਤੀ | ਦੂਜੇ ਪਾਸੇ, ਨਿਗਰਾਨ ਭੇਜਣ ਦੇ ਫੈਸਲੇ ਨੂੰ ਲੈ ਕੇ ਵੀ ਪਾਰਟੀ ਦੇ ਕਈ ਆਗੂਆਂ ਵਿਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ | ਕੁਝ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਥਾਨਕ ਆਗੂਆਂ ਦੀ ਰਾਏ ਪਹਿਲਾਂ ਹੀ ਹਾਈਕਮਾਨ ਤੱਕ ਪਹੁੰਚ ਚੁੱਕੀ ਹੈ ਅਤੇ ਵਾਰ-ਵਾਰ ਨਿਗਰਾਨ ਭੇਜਣ ਨਾਲ ਪਾਰਟੀ ਵਿਚ ਅਨਿਸ਼ਚਿਤਤਾ ਦਾ ਮਾਹੌਲ ਬਣ ਰਿਹਾ ਹੈ | ਇਕ ਸੀਨੀਅਰ ਆਗੂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਲੰਬੇ ਸਮੇਂ ਤੱਕ ਫੈਸਲਾ ਨਾ ਹੋਣ ਨਾਲ ਵਰਕਰਾਂ ਵਿਚ ਵੀ ਨਿਰਾਸ਼ਾ ਵਧ ਰਹੀ ਹੈ | ਉਨ੍ਹਾਂ ਕਿਹਾ ਕਿ ਕਈ ਆਗੂ ਨਿਗਰਾਨ ਭੇਜ ਕੇ ਰਿਪੋਰਟ ਲੈਣ ਦੇ ਫੈਸਲੇ ਤੋਂ ਨਾਖ਼ੁਸ਼ ਹਨ | ਉਧਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸ ਹਾਈਕਮਾਨ ਕੋਈ ਵੀ ਅਜਿਹਾ ਫੈਸਲਾ ਨਹੀਂ ਲੈਣਾ ਚਾਹੁੰਦੀ ਜਿਸ ਨਾਲ ਪਾਰਟੀ ਦੇ ਅੰਦਰੂਨੀ ਸਮੀਕਰਨ ਪ੍ਰਭਾਵਿਤ ਹੋਣ | ਇਸ ਲਈ ਹਾਈਕਮਾਨ ਹਰ ਪੱਖ ਨੂੰ ਸੁਣਨ ਅਤੇ ਪੂਰੀ ਪੜਤਾਲ ਤੋਂ ਬਾਅਦ ਹੀ ਅੰਤਿਮ ਫੈਸਲਾ ਕਰਨ ਦੇ ਮੂਡ ਵਿਚ ਦਿਖਾਈ ਦੇ ਰਹੀ ਹੈ | ਹੁਣ ਸਭ ਦੀਆਂ ਨਜ਼ਰਾਂ ਨਿਗਰਾਨਾਂ ਦੀ ਰਿਪੋਰਟ ਅਤੇ ਉਸ ਤੋਂ ਬਾਅਦ ਹੋਣ ਵਾਲੇ ਹਾਈਕਮਾਨ ਦੇ ਫੈਸਲੇ 'ਤੇ ਟਿਕੀਆਂ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਜੇ.ਈ. ਤੋਂ ਐਸ.ਡੀ.ਈ. ਤਰੱਕੀਆਂ 'ਤੇ ਫ਼ਿਲਹਾਲ ਰੋਕ ਪੰਜਾਬ ਸਰਕਾਰ ਨੂੰ ਡੀ.ਪੀ.ਸੀ. ਮੀਟਿੰਗ ਮੁਲਤਵੀ... ਅਗਲੀ ਖ਼ਬਰ ਸੁਖਬੀਰ ਵਲੋਂ ਯੂਥ ਵਿੰਗ ਦੇ '84 ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ
Ad Position 24