ਜਗਰਾਉਂ-ਆਜ਼ਾਦੀ ਘੁਲਾਟੀਏ, ਸਾਬਕਾ ਡੀ.ਈ.ਓ. ਤੇ ਗੋਲਡ ਮੈਡਲਿਸਟ ਗੁਰਨਾਮ ਸਿੰਘ ਧਾਲੀਵਾਲ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ | ਉਨ੍ਹਾਂ ਦਾ ਸਮੁੱਚਾ ਜੀਵਨ ਸਮਾਜ ਭਲਾਈ ਦੇ ਕਾਰਜਾਂ 'ਤੇ ਕੇਂਦਰਿਤ ਰਿਹਾ | ਉਨ੍ਹਾਂ ਦਾ ਜਨਮ ਮਾਤਾ ਚੰਦ ਕੌਰ ਅਤੇ ਪਿਤਾ ਜੈਮਲ ਸਿੰਘ ਦੇ ਗ੍ਰਹਿ ਪਿੰਡ ਲੀਲਾਂ ਮੇਘ ਸਿੰਘ (ਜਗਰਾਉਂ) ਵਿਖੇ 16 ਜੂਨ 1923 ਨੂੰ ਹੋਇਆ | ਆਪ ਨੇ ਮੁੱਢਲੀ ਪ੍ਰਾਇਮਰੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਤੇ ਫਿਰ ਹਾਇਰ ਸੈਕੰਡਰੀ ਦੀ ਸਿੱਖਿਆ ਜਗਰਾਉਂ ਤੋਂ ਪ੍ਰਾਪਤ ਕੀਤੀ | 17 ਸਾਲ ਦੀ ਉਮਰ 'ਚ ਆਪ ਜਨਰਲ ਮੋਹਨ ਸਿੰਘ ਦੀ ਐੱਨ.ਆਈ.ਏ. ਫੌਜ 'ਚ ਭਰਤੀ ਹੋ ਗਏ | ਫਿਰ ਆਪ ਨੇ ਚਾਰ ਸਾਲ ਬਾਅਦ ਫੌਜ ਤੋਂ ਆ ਕੇ ਗਰੈਜੂਏਸ਼ਨ, ਐੱਮ.ਏ. ਅੰਗਰੇਜੀ, ਐੱਮ.ਏ. ਪੰਜਾਬੀ, ਐੱਮ.ਏ. ਇਕਨਾਮਿਕਸ, ਐੱਮ.ਏ. ਹਿਸਟਰੀ ਅਤੇ ਐੱਮ.ਐੱਡ. ਗੋਲਡ ਮੈਡਲਿਸਟ 'ਚ ਕੀਤੀ | ਆਪ ਦਾ ਵਿਆਹ ਫਰਵਰੀ 1945 'ਚ ਸੁਰਜੀਤ ਕੌਰ ਵਾਸੀ ਘੱਲ ਕਲਾਂ ਨਾਲ ਹੋਇਆ | ਆਪ ਦੇ ਘਰ ਦੋ ਪੁੱਤਰ ਗੁਰਪ੍ਰਤਾਪ ਸਿੰਘ ਅਤੇ ਗੁਰਕ੍ਰਿਪਾਲ ਸਿੰਘ ਨੇ ਜਨਮ ਲਿਆ | ਗੁਰਕ੍ਰਿਪਾਲ ਸਿੰਘ ਨੂੰ ਸੈਨਿਕ ਸਕੂਲ ਕਪੂਰਥਲਾ ਵਿਖੇ ਵਧੀਆ ਸੇਵਾਵਾਂ ਨਿਭਾਉਣ ਕਰਕੇ 2001 'ਚ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਗੁਰਨਾਮ ਸਿੰਘ ਧਾਲੀਵਾਲ ਨੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ 1947 'ਚ ਪੰਜਾਬ ਦੀ ਰਾਜਧਾਨੀ ਸ਼ਿਮਲੇ ਸੈਕਟਰੀਏਟ 'ਚ ਟਰਾਂਸਲੇਟਰ ਵਜੋਂ ਪੰਜ ਸਾਲ ਸੇਵਾਵਾਂ ਨਿਭਾਈਆਂ | ਆਪ ਪੰਜਾਬੀ, ਅੰਗਰੇਜ਼ੀ, ਹਿੰਦੀ, ਊਰਦੂ, ਸੰਸਕ੍ਰਿਤ, ਫਾਰਸੀ ਭਾਸ਼ਾਵਾਂ ਦੇ ਗਿਆਤਾ ਸਨ | ਫੌਜ 'ਚ ਸੇਵਾਵਾਂ ਨਿਭਾਉਣ ਕਰਕੇ ਫਰੀਡਮ ਫਾਈਟਰ ਦਾ ਖ਼ਿਤਾਬ ਅਤੇ ਤਾਮਰ ਪੱਤਰ ਮਿਲਿਆ | ਆਪ 1952 'ਚ ਸਿੱਖਿਆ ਵਿਭਾਗ 'ਚ ਆ ਗਏ ਅਤੇ ਵੱਖ-ਵੱਖ ਸ਼ਹਿਰਾਂ ਫਰੀਦਾਬਾਦ, ਫਰੀਦਕੋਟ ਦੇ ਕਾਲਜਾਂ 'ਚ ਪਿ੍ੰਸੀਪਲ ਵਲੋਂ ਸੇਵਾਵਾਂ ਨਿਭਾਈਆਂ | ਆਪ 1965 'ਚ ਪੀ.ਈ.ਐੱਸ. ਗਜਟਿਡ ਸਿਲੈਕਟ ਹੋਏ | 30 ਜੂਨ 1981 ਨੂੰ ਜਗਰਾਉਂ ਬੇਸਿਕ ਜੇ.ਬੀ.ਟੀ. ਤੋਂ ਸੇਵਾਮੁਕਤ ਹੋਏ | ਉਨ੍ਹਾਂ ਇਸ ਤੋਂ ਬਾਅਦ ਵੀ ਬਤੌਰ ਪਿ੍ੰਸੀਪਲ ਤਲਵੰਡੀ ਸਾਬੋ, ਫਿਰੋਜ਼ਪੁਰ, ਜਲੰਧਰ, ਅਜੀਤਵਾਲ, ਮੱਦੋਕੇ ਸਮੇਤ ਵੱਡੀਆਂ ਵਿੱਦਿਅਕ ਸੰਸਥਾਵਾਂ 'ਚ ਆਪਣੀਆਂ ਸੇਵਾਵਾਂ ਨਿਭਾਈਆਂ | ਸਾਬਕਾ ਮੁੱਖ ਸਕੱਤਰ ਪੰਜਾਬ ਜੈ ਸਿੰਘ ਗਿੱਲ ਅਤੇ ਹੋਰ ਆਈ.ਏ.ਐੱਸ. ਅਧਿਕਾਰੀ ਉਨ੍ਹਾਂ ਦੇ ਮੁਰੀਦ ਰਹੇ | ਸ: ਧਾਲੀਵਾਲ 104 ਸਾਲ ਦੀ ਉਮਰ ਭੋਗ ਕੇ 4 ਜੂਨ 2026 ਨੂੰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 13 ਜੂਨ ਦਿਨ ਸਨਿਚਰਵਾਰ ਨੂੰ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ 12 ਤੋਂ 1 ਵਜੇ ਤੱਕ ਹੋਵੇਗਾ | ਸ਼ਮਸ਼ੇਰ ਸਿੰਘ ਗਾਲਿਬ