ਕਪੂਰਥਲਾ, 13 ਜੂਨ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਦੇ ਉਪ ਚਾਂਸਲਰ ਪ੍ਰੋ. ਡਾ. ਸੁਸ਼ੀਲ ਮਿੱਤਲ ਜਿਨ੍ਹਾਂ ਦੇ ਅਹੁਦੇ ਦੀ 3 ਸਾਲ ਦੀ ਮਿਆਦ 16 ਜੂਨ ਨੂੰ ਖ਼ਤਮ ਹੋ ਰਹੀ ਹੈ ਤੇ ਯੂਨੀਵਰਸਿਟੀ ਵਿਚ ਨਵੇਂ ਵੀ.ਸੀ. ਦੀ ਨਿਯੁਕਤੀ ਲਈ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਤੇ ਇੰਡਸਟਰੀਅਲ ਟ੍ਰੇਨਿੰਗ ਵਿਭਾਗ ਵਲੋਂ 30 ਜੂਨ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ | ਇਸ ਤੋਂ ਬਾਅਦ ਵੀ.ਸੀ. ਦੀ ਨਿਯੁਕਤੀ ਸਬੰਧੀ ਵਿਭਾਗੀ ਪ੍ਰਕਿਰਿਆ ਸ਼ੁਰੂ ਹੋਵੇਗੀ | ਇੱਥੇ ਵਰਨਣਯੋਗ ਹੈ ਕਿ ਯੂਨੀਵਰਸਿਟੀ ਦੇ ਉਪ ਚਾਂਸਲਰ ਪ੍ਰੋ. ਡਾ. ਸੁਸ਼ੀਲ ਮਿੱਤਲ ਥਾਪਰ ਯੂਨੀਵਰਸਿਟੀ ਪਟਿਆਲਾ ਵਿਚ ਕੈਮਿਸਟਰੀ ਦੇ ਪ੍ਰੋਫੈਸਰ ਵਜੋਂ ਕਾਰਜਸ਼ੀਲ ਰਹਿ ਚੁੱਕੇ ਹਨ ਤੇ ਬਾਅਦ ਵਿਚ ਉਹ ਸਰਦਾਰ ਬੇਅੰਤ ਸਿੰਘ ਤਕਨੀਕੀ ਯੂਨੀਵਰਸਿਟੀ ਗੁਰਦਾਸਪੁਰ ਦੇ ਵੀ.ਸੀ. ਵਜੋਂ ਕਾਰਜਸ਼ੀਲ ਰਹੇ | ਪੰਜਾਬ ਸਰਕਾਰ ਵਲੋਂ 17 ਜੂਨ 2023 ਨੂੰ ਉਨ੍ਹਾਂ ਦੀ ਨਿਯੁਕਤੀ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਵੀ.ਸੀ. ਵਜੋਂ ਕੀਤੀ ਗਈ ਤੇ ਹੁਣ ਉਨ੍ਹਾਂ ਦੇ ਅਹੁਦੇ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਤਕਨੀਕੀ ਸਿੱਖਿਆ ਤੇ ਇੰਡਸਟਰੀਅਲ ਟਰੇਨਿੰਗ ਵਿਭਾਗ ਨੇ ਨਵੇਂ ਵੀ.ਸੀ. ਦੀ ਨਿਯੁਕਤੀ ਲਈ ਅਰਜ਼ੀਆਂ ਮੰਗਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ |