ਅੰਮਿ੍ਤਸਰ, 13 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਵਲੋਂ ਜਾਰੀ ਪ੍ਰੈੱਸ ਬਿਆਨ 'ਚ ਖ਼ੈਬਰ ਪਖਤੂਨਖਵਾ ਸੂਬੇ ਵਿਚ ਸੁਰੱਖਿਆ ਬਲਾਂ ਦੁਆਰਾ ਕੀਤੇ ਗਏ ਖ਼ੁਫ਼ੀਆ ਆਧਾਰਿਤ ਆਪ੍ਰੇਸ਼ਨ ਦੌਰਾਨ 21 ਅੱਤਵਾਦੀ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ | ਉਕਤ ਬਿਆਨ ਦੇ ਅਨੁਸਾਰ ਸੁਰੱਖਿਆ ਬਲਾਂ ਨੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਮੀਰਾਨ ਸ਼ਾਹ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਕਈ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕਾਰਵਾਈ ਕੀਤੀ | ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਰੇ ਗਏ ਅੱਤਵਾਦੀਆਂ 'ਚ 4 ਕਮਾਂਡਰ ਖ਼ਾਲਿਦ ਰਜ਼ਾ ਉਰਫ਼ ਸਲਾਰ, ਮੁਫ਼ਤੂਨ, ਮੂਸਾ ਅਤੇ ਇਮਰਾਨ ਉਰਫ਼ ਅਯਾਨ ਸ਼ਾਮਿਲ ਹਨ | ਮਾਰੇ ਗਏ ਇਹ ਅੱਤਵਾਦੀ ਆਗੂ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਮਾਸੂਮ ਨਾਗਰਿਕਾਂ ਦੀ ਹੱਤਿਆ ਸਮੇਤ ਕਈ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਿਲ ਦੱਸੇ ਜਾ ਰਹੇ ਹਨ |