ਦਿੱਲੀ ਵਿਚ ਹੋਈ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਸਰਗਰਮ ਹੋਣਗੇ ਭਾਜਪਾ ਆਗੂ
ਸ਼ਿਵ ਸ਼ਰਮਾ
ਜਲੰਧਰ, 14 ਜੂਨ-ਪੰਜਾਬ ਵਿਚ ਅਗਲੇ ਸਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਬਾਰੇ ਕਮਾਨ ਸੰਭਾਲ ਲਈ ਹੈ ਕਿਉਂਕਿ ਬੀਤੇ ਦਿਨੀਂ ਦਿੱਲੀ ਵਿਚ ਪੰਜਾਬ ਪ੍ਰਧਾਨ ਸਮੇਤ ਸੀਨੀਅਰ ਭਾਜਪਾ ਆਗੂਆਂ ਦੀ ਹੋਈ ਇਕ ਉੱਚ ਪੱਧਰੀ ਮੀਟਿੰਗ ਹੋਣ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਹਲਚਲ ਸ਼ੁਰੂ ਹੋ ਗਈ ਹੈ ਸਗੋਂ ਪੰਜਾਬ ਭਾਜਪਾ ਨੇ ਵੀ ਹੁਣ ਸੂਬੇ ਵਿਚ ਚੋਣ ਤਿਆਰੀਆਂ ਨੂੰ ਹੁਣ ਹੋਰ ਤੇਜ਼ ਕਰਨ ਦੀ ਤਿਆਰੀ ਕਰ ਲਈ ਲੱਗਦੀ ਹੈ | ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਹੁਣ ਜਲਦੀ ਹੀ ਪੰਜਾਬ ਵਿਚ ਹੋਰ ਸਰਗਰਮ ਹੁੰਦੇ ਨਜ਼ਰ ਆਉਣਗੇ ਜਦਕਿ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਪਾਰਟੀ ਨੇ ਰਾਜ-ਸਭਾ ਮੈਂਬਰ ਬਣਾ ਕੇ ਪੰਜਾਬ ਵਿਚ ਉਨ੍ਹਾਂ ਨੂੰ ਵੀ ਵੱਡੀ ਭੂਮਿਕਾ ਨਿਭਾਉਣ ਦੀ ਝੰਡੀ ਦਿੱਤੀ ਹੈ | ਪੰਜਾਬ ਭਾਜਪਾ ਨੇ ਅਗਲੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਤਾਂ ਪਹਿਲਾਂ ਹੀ ਕਰ ਦਿੱਤਾ ਸੀ ਪਰ ਅਮਿੱਤ ਸ਼ਾਹ ਨਾਲ ਹੋਈ ਮੀਟਿੰਗ ਤੋਂ ਬਾਅਦ ਹੁਣ ਪੰਜਾਬ ਭਾਜਪਾ ਜਲਦੀ ਹੀ ਚੋਣ ਤਿਆਰੀਆਂ ਨੂੰ ਧਾਰ ਦੇਣ ਵਾਲੀ ਹੈ | ਅਮਿੱਤ ਸ਼ਾਹ ਨਾਲ ਭਾਜਪਾ ਆਗੂਆਂ ਦੀ ਇਹ ਇਕ ਸ਼ੁਰੂਆਤੀ ਵੱਡੀ ਮੀਟਿੰਗ ਸੀ ਤੇ ਆਉਣ ਵਾਲੇ ਸਮੇਂ ਵਿਚ ਸ੍ਰੀ ਸ਼ਾਹ ਵਲੋਂ ਹੀ ਪਾਰਟੀ ਆਗੂਆਂ ਨਾਲ ਇਸ ਤਰ੍ਹਾਂ ਦੀਆਂ ਮੀਟਿੰਗਾਂ ਲੈਂਦੇ ਰਹਿਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਪੰਜਾਬ ਵਿਚ ਭਾਜਪਾ ਦੀਆਂ ਚੋਣ ਤਿਆਰੀਆਂ ਨੂੰ ਹੋਰ ਧਾਰ ਦੇਣ ਲਈ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਵੀ ਪੰਜਾਬ ਦੌਰੇ 'ਤੇ ਆ ਰਹੇ ਹਨ | ਉੱਧਰ ਕੁੱਝ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਹੁਣ ਉਨ੍ਹਾਂ ਵਲੋਂ ਵੀ ਭਾਜਪਾ ਵਲੋਂ ਸਿਆਸੀ ਹਲਕਿਆਂ ਵਿਚ ਉਨ੍ਹਾਂ ਦੀ ਵਧੇਰੀ ਸਰਗਰਮੀ ਦੇਖੀ ਜਾ ਸਕੇਗੀ | ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਪਾਰਟੀ ਦੇ ਟਕਸਾਲੀ ਆਗੂਆਂ ਨਾਲ ਆਪ ਜਾ ਕੇ ਮੁਲਾਕਾਤ ਕੀਤੀ ਹੈ ਤੇ ਉਨ੍ਹਾਂ ਨੂੰ ਹੁਣ ਸਰਗਰਮ ਹੋਣ ਲਈ ਵੀ ਕਿਹਾ ਹੈ ਜਿਸ ਕਰਕੇ ਪਾਰਟੀ ਵਿਚ ਨਵਾਂ ਉਤਸ਼ਾਹ ਦੇਖਿਆ ਜਾ ਰਿਹਾ ਹੈ |
ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਅਮਿਤ ਸ਼ਾਹ ਨੇ ਸੰਭਾਲੀ ਕਮਾਨ
ਅਜੀਤ ਡੈਸਕ
15-06-2026