22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਇੱਟਾਂ ਦੇ ਰੇਟ 'ਚ ਹੋ ਰਿਹਾ ਭਾਰੀ ਇਜ਼ਾਫਾ ਘਰ ਬਣਾਉਣ ਦੇ ਸੁਪਨੇ 'ਤੇ ਪੈ ਰਿਹੇ ਭਾਰੂ

Ad Position 21
No active advertisement
ਅਜੀਤ ਡੈਸਕ 15-06-2026

• ਮਹਾਤੜ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੋ ਰਿਹਾ ਘਰ ਬਣਾਉਣਾ • ਸਰਕਾਰੀ ਇਮਾਰਤਾਂ ਤੇ ਹੋਰ ਵਿਕਾਸ ਦੇ ਕੰਮਾਂ 'ਚ ਵੀ ਆ ਸਕਦੀ ਹੈ ਖੜੋਤ
ਗੁਰਪ੍ਰੀਤ ਸਿੰਘ ਚੱਠਾ

ਪਟਿਆਲਾ, 14 ਜੂਨ-ਪੰਜਾਬ ਵਿਚ ਇੱਟਾਂ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੇ ਉਸਾਰੀ ਖੇਤਰ ਨਾਲ ਜੁੜੇ ਹਰ ਵਰਗ ਦੀ ਚਿੰਤਾ ਵਧਾ ਦਿੱਤੀ ਹੈ | ਜਿੱਥੇ ਇਕ ਪਾਸੇ ਆਪਣੇ ਘਰ ਦਾ ਸੁਪਨਾ ਸਾਕਾਰ ਕਰਨ ਦੀ ਉਮੀਦ ਰੱਖਣ ਵਾਲੇ ਪਰਿਵਾਰਾਂ ਲਈ ਮਕਾਨ ਬਣਾਉਣਾ ਦਿਨੋਂ-ਦਿਨ ਔਖਾ ਹੁੰਦਾ ਜਾ ਰਿਹਾ ਹੈ, ਉੱਥੇ ਹੀ ਸਰਕਾਰੀ ਇਮਾਰਤਾਂ, ਵਿਕਾਸ ਪ੍ਰਾਜੈਕਟਾਂ ਤੇ ਹੋਰ ਉਸਾਰੀ ਕੰਮਾਂ 'ਤੇ ਵੀ ਇਸ ਦਾ ਸਿੱਧਾ ਅਸਰ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ | ਭੱਠਾ ਮਾਲਕਾਂ ਵਲੋਂ ਅਗਲੇ ਛੇ ਮਹੀਨੇ ਭੱਠੇ ਬੰਦ ਕਰਨ ਦੀ ਖ਼ਬਰ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ | ਜਾਣਕਾਰੀ ਅਨੁਸਾਰ ਕੁਝ ਮਹੀਨੇ ਪਹਿਲਾਂ ਤੱਕ ਇੱਟਾਂ ਦਾ ਰੇਟ ਕਰੀਬ 7 ਤੋਂ 8 ਹਜ਼ਾਰ ਰੁਪਏ ਪ੍ਰਤੀ ਹਜ਼ਾਰ ਇੱਟ ਸੀ, ਜੋ ਹੁਣ ਵੱਧ ਕੇ ਲਗਭਗ 10 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ | ਪਹਿਲਾਂ ਹੀ ਸੀਮੈਂਟ, ਲੋਹੇ, ਰੇਤ ਤੇ ਹੋਰ ਨਿਰਮਾਣ ਸਮਗਰੀ ਦੀਆਂ ਵਧੀਆਂ ਕੀਮਤਾਂ ਨਾਲ ਜੂਝ ਰਹੇ ਲੋਕਾਂ ਲਈ ਹੁਣ ਇੱਟਾਂ ਦਾ ਮਹਿੰਗਾ ਹੋਣਾ ਇਕ ਹੋਰ ਵੱਡਾ ਝਟਕਾ ਸਾਬਤ ਹੋ ਰਿਹਾ ਹੈ | ਦੂਜੇ ਪਾਸੇ ਇੱਟ ਭੱਠਾ ਮਾਲਕ ਇਸ ਵਾਧੇ ਨੂੰ ਆਪਣੀ ਮਜਬੂਰੀ ਦੱਸ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਉਤਪਾਦਨ ਲਾਗਤ ਵਿਚ ਬੇਹੱਦ ਵਾਧਾ ਹੋਣ ਕਾਰਨ ਕੀਮਤਾਂ ਵਧਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚਿਆ | ਭੱਠਾ ਉਦਯੋਗ ਨਾਲ ਜੁੜੇ ਆਗੂਆਂ ਮੁਤਾਬਿਕ ਇੱਟਾਂ 'ਤੇ ਜੀ.ਐੱਸ.ਟੀ. 6 ਫ਼ੀਸਦੀ ਤੋਂ ਵਧਾ ਕੇ 12 ਫ਼ੀਸਦੀ ਕਰ ਦਿੱਤਾ ਗਿਆ ਹੈ, ਜਦਕਿ ਕੋਲੇ 'ਤੇ ਜੀ.ਐੱਸ.ਟੀ. 5 ਫ਼ੀਸਦੀ ਤੋਂ ਵਧਾ ਕੇ 18 ਫ਼ੀਸਦੀ ਕੀਤਾ ਗਿਆ ਹੈ | ਇਸ ਤੋਂ ਇਲਾਵਾ ਮਿੱਟੀ ਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵੀ ਦੋਗੁਣੇ ਤੋਂ ਵਧ ਚੁੱਕੀਆਂ ਹਨ | ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਮਜ਼ਦੂਰੀ ਦਰਾਂ ਵਿਚ ਇਕਮੁਸ਼ਤ 15 ਫ਼ੀਸਦੀ ਵਾਧਾ ਕੀਤੇ ਜਾਣ ਨਾਲ ਵੀ ਲਾਗਤ ਵਿਚ ਕਾਫ਼ੀ ਵਾਧਾ ਹੋਇਆ ਹੈ | ਆਮ ਲੋਕ ਤੇ ਉਸਾਰੀ ਖੇਤਰ ਨਾਲ ਜੁੜੇ ਕਈ ਲੋਕ ਕੀਮਤਾਂ ਵਿਚ ਵਾਧੇ ਨੂੰ ਮਹਿੰਗਾਈ ਦੇ ਨਾਂਅ ਹੇਠ ਕੀਤੀ ਜਾ ਰਹੀ ਧੱਕੇਸ਼ਾਹੀ ਕਰਾਰ ਦੇ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਮਕਾਨ ਬਣਾਉਣਾ ਪਹਿਲਾਂ ਹੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਸੀ ਪਰ ਹੁਣ ਇੱਟਾਂ ਦੀਆਂ ਕੀਮਤਾਂ ਵਿਚ ਹੋਏ ਵੱਡੇ ਵਾਧੇ ਨੇ ਘਰ ਬਣਾਉਣ ਦੇ ਸੁਪਨੇ ਨੂੰ ਹੋਰ ਵੀ ਮੁਸ਼ਕਿਲ ਬਣਾ ਦਿੱਤਾ ਹੈ | ਉਦਯੋਗ ਨਾਲ ਜੁੜੇ ਅੰਕੜਿਆਂ ਅਨੁਸਾਰ ਇਕ ਸਮੇਂ ਪੰਜਾਬ ਵਿਚ ਕਰੀਬ 2700 ਇੱਟ ਭੱਠੇ ਚੱਲਦੇ ਸਨ ਪਰ ਹੁਣ ਇਹ ਗਿਣਤੀ ਘਟ ਕੇ ਲਗਭਗ 1300 ਰਹਿ ਗਈ ਹੈ | ਵੱਧ ਰਹੀਆਂ ਲਾਗਤਾਂ ਅਤੇ ਆਰਥਿਕ ਦਬਾਅ ਦਾ ਹਵਾਲਾ ਦਿੰਦਿਆਂ ਭੱਠਾ ਮਾਲਕ ਪੰਜਾਬ ਦਾ ਇੱਟ ਭੱਠਾ ਉਦਯੋਗ ਅਗਲੇ ਛੇ ਮਹੀਨਿਆਂ ਲਈ ਆਪਣਾ ਕੰਮਕਾਜ ਬੰਦ ਰੱਖਣ ਦਾ ਫ਼ੈਸਲਾ ਲੈ ਰਹੇ ਹਨ | ਜੇਕਰ ਇਹ ਫ਼ੈਸਲਾ ਲਾਗੂ ਹੁੰਦਾ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ ਸਰਕਾਰੀ ਇਮਾਰਤਾਂ, ਸੜਕਾਂ, ਸਕੂਲਾਂ, ਹਸਪਤਾਲਾਂ ਅਤੇ ਹੋਰ ਵਿਕਾਸ ਪ੍ਰਾਜੈਕਟਾਂ 'ਤੇ ਪੈ ਸਕਦਾ ਹੈ | ਪਟਿਆਲਾ ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਹਰਸ਼ ਗੁਪਤਾ ਦਾ ਕਹਿਣਾ ਹੈ ਕਿ ਡੀਜ਼ਲ, ਕੋਲੇ ਤੇ ਢੋਆ-ਢੁਆਈ ਦੇ ਖ਼ਰਚਿਆ ਵਿਚ ਹੋ ਰਹੇ ਵਾਧੇ ਕਾਰਨ ਰੇਟ ਵਧਾਉਣੇ ਪੈ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਡਾ. ਅੰਬੇਡਕਰ ਦੇ ਜੀਵਨ ਨਾਲ ਜੁੜੇ ਪਵਿੱਤਰ ਸਥਾਨਾਂ ਦੀ ਯਾਤਰਾ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ ਅਗਲੀ ਖ਼ਬਰ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਅਮਿਤ ਸ਼ਾਹ ਨੇ ਸੰਭਾਲੀ ਕਮਾਨ
Ad Position 24