ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਤਿੰਨ ਬੱਸਾਂ ਨੂੰ ਦਿਖਾਈ ਹਰੀ ਝੰਡੀ
ਚੰਡੀਗੜ੍ਹ, 14 ਜੂਨ (ਸੰਦੀਪ ਕੁਮਾਰ ਮਾਹਨਾ)-ਡਾ. ਬੀ.ਆਰ. ਅੰਬੇਡਕਰ ਦੇ ਜੀਵਨ ਨਾਲ ਜੁੜੇ ਪੰਜ ਪ੍ਰਮੁੱਖ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਅੱਜ 150 ਦੇ ਕਰੀਬ ਸ਼ਰਧਾਲੂਆਂ ਦਾ ਜਥਾ ਤਿੰਨ ਵੋਲਵੋ ਬੱਸਾਂ ਰਾਹੀਂ ਰਵਾਨਾ ਹੋਇਆ | ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਬੱਸਾਂ ਨੂੰ ਹਰੀ ਝੰਡੀ ਦਿਖਾਉਂਦਿਆਂ ਕਿਹਾ ਕਿ ਇਹ ਉਪਰਾਲਾ ਨਵੀਂ ਪੀੜੀ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਤੇ ਯੋਗਦਾਨ ਨਾਲ ਜਾਣੂ ਕਰਵਾਉਣ ਲਈ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 14 ਤੋਂ 21 ਜੂਨ ਤੱਕ ਚੱਲਣ ਵਾਲੀ ਪੰਚ ਤੀਰਥ ਯਾਤਰਾ ਦੌਰਾਨ ਸ਼ਰਧਾਲੂ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਅਤੇ ਕਾਰਜਾਂ ਨਾਲ ਸਬੰਧਿਤ ਪੰਜ ਅਹਿਮ ਸਥਾਨਾਂ ਦੇ ਦਰਸ਼ਨ ਕਰਨਗੇ | ਯਾਤਰਾ ਦੌਰਾਨ ਸ਼ਰਧਾਲੂ ਮੱਧ ਪ੍ਰਦੇਸ਼ ਦੇ ਮਹੂ ਸਥਿਤ ਡਾ. ਅੰਬੇਡਕਰ ਦੇ ਜਨਮ ਸਥਾਨ, ਨਾਗਪੁਰ ਦੀ ਦੀਕਸ਼ਾਭੂਮੀ, ਮੁੰਬਈ ਦੀ ਚੈਤਿਆਭੂਮੀ, ਦਿੱਲੀ ਸਥਿਤ ਮਹਾਪਰਿਨਿਰਵਾਣ ਸਥਲ ਅਤੇ ਲੰਡਨ ਵਿਚਲੇ ਉਨ੍ਹਾਂ ਦੇ ਨਿਵਾਸ ਨਾਲ ਸਬੰਧਿਤ ਵਰਚੁਅਲ ਮਾਧਿਅਮ ਰਾਹੀਂ ਸਿੱਖਿਆ ਭੂਮੀ ਦੇ ਦਰਸ਼ਨ ਕਰਨਗੇ | ਇਸ ਮੌਕੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਐੱਸ.ਆਰ. ਲੱਧੜ ਨੇ ਕਿਹਾ ਕਿ ਪੰਚ ਤੀਰਥ ਯਾਤਰਾ ਦਾ ਮੁੱਖ ਉਦੇਸ਼ ਬਾਬਾ ਸਾਹਿਬ ਦੇ ਸੰਦੇਸ਼ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਪ੍ਰਤੀ ਦੇਸ਼ ਦੀ ਕਿ੍ਤੱਗਤਾ ਦਾ ਪ੍ਰਗਟਾਵਾ ਕਰਨਾ ਹੈ | ਐਸ.ਆਰ. ਲੱਧੜ ਦੀ ਅਗਵਾਈ ਹੇਠ ਇਹ ਜਥਾ 21 ਜੂਨ ਨੂੰ ਆਪਣੀ ਯਾਤਰਾ ਸੰਪੰਨ ਕਰਕੇ ਵਾਪਸ ਪਰਤੇਗਾ |
ਭਾਜਪਾ ਵਲੋਂ ਡਾ. ਅੰਬੇਡਕਰ ਦੇ ਜੀਵਨ ਨਾਲ ਜੁੜੇ ਪਵਿੱਤਰ ਸਥਾਨਾਂ ਦੀ ਯਾਤਰਾ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ
ਅਜੀਤ ਡੈਸਕ
15-06-2026