ਅੰਮ੍ਰਿਤਸਰ, 18 ਜੂਨ (ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਨਵ ਨਿਯੁਕਤ ਸੂਬਾਈ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਪਾਰਟੀ ਦੇ ਹਾਲ ਹੀ ਵਿਚ ਚੁਣੇ ਗਏ ਰਾਜ ਸਭਾ ਮੈਂਬਰ ਤੇ ਕੌਮੀ ਸਕੱਤਰ ਸ੍ਰੀ ਤਰੁਣ ਚੁੱਘ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਦੋਵਾਂ ਆਗੂਆਂ ਨੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਤੇ ਰੁਮਾਲਾ ਸਾਹਿਬ ਭੇਟ ਕਰਕੇ ਗੁਰੂ ਦਰ ‘ਤੇ ਸੀਸ ਨਿਵਾਇਆ ਅਤੇ ਦੇਸ਼ ਤੇ ਪੰਜਾਬ ਦੀ ਚੜ੍ਹਦੀ ਕਲਾ ਤੇ ਤਰੱਕੀ ਤੇ ਵਿਕਾਸ ਲਈ ਅਰਦਾਸ ਕੀਤੀ। ਦੋਵੇਂ ਭਾਜਪਾ ਆਗੂਆਂ ਨੇ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਮੱਥਾ ਟੇਕਿਆ ਤੇ ਕੁਝ ਪਲ ਛਬੀਲ ‘ਤੇ ਕੌਲੇ ਮਾਂਜਣ ਦੀ ਸੇਵਾ ਵੀ ਕੀਤੀ। ਦਰਸ਼ਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਲਈ ਆਏ ਹਾਂ ਤੇ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਅਸੀਂ ਪੰਜਾਬ ਵਿਚ ਇਕ ਨਵੀਂ ਸ਼ੁਰੂਆਤ ਕਰਨ ਲੱਗੇ ਆਂ ਕਿ 2027 ਵਿਚ 117 ਸੀਟਾਂ ‘ਤੇ ਚੋਣ ਲੜ ਕੇ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਬਣਾਵਾਂਗੇ। ਇਸ ਦੌਰਾਨ ਸਾਂਸਦ ਤਰੁਣ ਚੁੱਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਤੇ ਸ: ਢਿੱਲੋਂ ਅੱਜ ਨਿਮਾਣੇ ਸਿੱਖਾਂ ਵਾਂਗੂ ਇਸ ਪਾਵਨ ਅਸਥਾਨ ‘ਤੇ ਮੱਥਾ ਟੇਕਣ ਆਏ ਹਾਂ ਤੇ ਅਰਦਾਸ ਕੀਤੀ ਹੈ ਕਿ ਵਿਸ਼ਵ ਵਿਚ ਭਾਰਤ ਦੇਸ਼ ਦਾ ਨਾਮ ਹੋਰ ਰੋਸ਼ਨ ਹੋਵੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ‘ਚ ਸਾਡਾ ਦੇਸ਼ ਵਿਕਸਿਤ ਭਾਰਤ ਬਣੇ। ਸ: ਢਿੱਲੋਂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ 20 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆ ਰਹੇ ਹਨ । ਇਸ ਮੌਕੇ ਸੀਨੀਅਰ ਭਾਜਪਾ ਆਗੂ ਕੇ. ਡੀ. ਭੰਡਾਰੀ, ਮਨੋਰੰਜਨ ਕਾਲੀਆ, ਸ਼ਵੇਤ ਮਲਿਕ, ਰਵੀਕਰਨ ਸਿੰਘ ਕਾਹਲੋਂ, ਅਮਰਪਾਲ ਸਿੰਘ ਬੋਨੀ ਅਜਨਾਲਾ, ਗੁਰਪ੍ਰਤਾਪ ਸਿੰਘ ਟਿੱਕਾ, ਹਰਦਿਆਲ ਸਿੰਘ �ਲਖ, ਕੀਰਤੀ ਅਰੋੜਾ, ਹਰਜਿੰਦਰ ਸਿੰਘ ਠੇਕੇਦਾਰ, ਹਰਵਿੰਦਰ ਸਿੰਘ ਸੰਧੂ, ਰਾਜੇਸ਼ ਹਨੀ, ਸਰਚਾਂਦ ਸਿੰਘ ਖਿਆਲਾ, ਮਾਨਵ ਤਨੇਜਾ ਸਮੇਤ ਹੋਰ ਆਗੂ ਹਾਜ਼ਰ ਸਨ।
ਜਲ੍ਹਿਆਂਵਾਲਾ ਬਾਗ ਦਾ ਕੀਤਾ ਦੌਰਾ
ਅੰਮ੍ਰਿਤਸਰ, (ਸੁਰਿੰਦਰ ਕੋਛੜ)-ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਰਾਜ ਸਭਾ ਮੈਂਬਰ ਨਿਯੁਕਤ ਹੋਣ ਤੋਂ ਬਾਅਦ ਅੱਜ ਅੰਮ੍ਰਿਤਸਰ ਪਹੁੰਚ ਕੇ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸੈਂਟਰਲ ਵਿਸਟਾ (ਸ਼ਹੀਦੀ ਯਾਦਗਾਰ) ਵਿਖੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਜਲ੍ਹਿਆਂਵਾਲਾ ਬਾਗ ਸਮਾਰਕ ਦੀ ਗੈਲਰੀ ਨੰਬਰ 1 ਅਤੇ 4 ਦਾ ਦੌਰਾ ਵੀ ਕੀਤਾ।
ਸੰਸਦ ਮੈਂਬਰ ਤਰੁਣ ਚੁੱਘ ਤੇ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
ਅਜੀਤ ਡੈਸਕ
19-06-2026