ਠੱਠੀ ਭਾਈ, 18 ਜੂਨ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਦੇ ਪਿੰਡ ਸੁਖਾਨੰਦ ਵਿਖੇ ਇਕ ਨੌਜਵਾਨ ਦਾ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਜਸਕਰਨ ਸਿੰਘ ਉਰਫ਼ ਗੱਗੂ ਮੱਲ੍ਹੀ (39) ਦੇ ਵੱਡੇ ਭਰਾ ਤੇਜਿੰਦਰ ਸਿੰਘ ਉਰਫ਼ ਜਿੰਦੀ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਚੀਦਾ ਨੇ ਦੱਸਿਆ ਕਿ ਉਸ ਦੀ ਅਮਨਦੀਪ ਸਿੰਘ ਬਰਾੜ ਪੁੱਤਰ ਸਾਧੂ ਸਿੰਘ ਵਾਸੀ ਸੁਖਾਨੰਦ ਨਾਲ ਯਾਰੀ-ਦੋਸਤੀ ਸੀ ਤੇ ਉਹ ਅਕਸਰ ਉਸ ਤੋਂ ਕਾਰ ਲੈ ਕੇ ਜਾਂਦਾ ਸੀ। 17 ਜੂਨ ਨੂੰ ਅਮਨਦੀਪ ਸਿੰਘ ਨੇ ਮੁੜ ਕਾਰ ਦੀ ਮੰਗ ਕੀਤੀ, ਪਰ ਮੈਂ ਇਨਕਾਰ ਕਰ ਦਿੱਤਾ, ਜਿਸ ਕਾਰਨ ਸਾਡੇ ਦੋਵਾਂ ਵਿਚਾਲੇ ਫ਼ੋਨ ‘ਤੇ ਤਕਰਾਰ ਹੋ ਗਈ। ਬਾਅਦ ਵਿਚ ਮੈਂ ਆਪਣੀ ਕਾਰ ਲੈ ਕੇ ਪਿੰਡ ਸੁਖਾਨੰਦ ਵਿਖੇ ਅਮਨਦੀਪ ਸਿੰਘ ਦੇ ਘਰ ਪਹੁੰਚਿਆ, ਇਸ ਮੌਕੇ ਮੇਰਾ ਭਰਾ ਜਸਕਰਨ ਸਿੰਘ ਵੀ ਨਾਲ ਸੀ। ਇਸ ਸਮੇਂ ਅਮਨਦੀਪ ਸਿੰਘ ਨਾਲ ਮੁੜ ਬਹਿਸਬਾਜ਼ੀ ਹੋ ਗਈ ਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਅਮਨਦੀਪ ਸਿੰਘ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਜੋ ਮੇਰੇ ਭਰਾ ਜਸਕਰਨ ਸਿੰਘ ਉਰਫ਼ ਗੱਗੂ ਦੇ ਸੱਜੇ ਮੋਢੇ ‘ਤੇ ਲੱਗੀ। ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਭਗਤਾ ਭਾਈ ਕਾ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਅੱਗੇ ਰੈਫ਼ਰ ਕਰ ਦਿੱਤਾ। ਬਾਅਦ ਵਿਚ ਉਸ ਨੂੰ ਆਦੇਸ਼ ਹਸਪਤਾਲ ਭੁੱਚੋ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦਿੱਤੇ ਗਏ ਆਪਣੇ ਬਿਆਨਾਂ ਵਿਚ ਦੋਸ਼ ਲਾਇਆ ਹੈ ਕਿ ਅਮਨਦੀਪ ਸਿੰਘ ਬਰਾੜ ਨਸ਼ਾ ਵੇਚਦਾ ਹੈ। ਅਮਨਦੀਪ ਸਿੰਘ, ਉਸ ਦੀ ਪਤਨੀ ਗੁਰਪ੍ਰੀਤ ਕੌਰ, ਪੁੱਤਰ ਮਨਿੰਦਰ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਨੇ ਮਿਲੀਭੁਗਤ ਕਰਕੇ ਉਸ ਦੇ ਭਰਾ ਦੀ ਹੱਤਿਆ ਕੀਤੀ ਗਈ ਹੈ। ਡੀ.ਐਸ.ਪੀ. ਬਾਘਾ ਪੁਰਾਣਾ ਜਸਬਿੰਦਰ ਸਿੰਘ ਖਹਿਰਾ ਨੇ ਵੀ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਫ਼ਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਨਸ਼ਾ ਤਸਕਰ ਨੂੰ ਕਾਰ ਦੇਣ ਤੋਂ ਜਵਾਬ ਮਿਲਣ ’ਤੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਅਜੀਤ ਡੈਸਕ
19-06-2026