ਚੰਡੀਗੜ੍ਹ, 18 ਜੂਨ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਦੇ ਸੈਕਟਰ 11 ਸਥਿਤ ਸ਼੍ਰੀ ਕੁਮਾਰ ਮੈਡੀਕਲ ਸਟੋਰ ਦੇ ਕੈਸ਼ੀਅਰ ਜਾਨਕੀ ਦਾਸ ਦੇ ਕਤਲ ਕਾਂਡ ਵਿਚ ਉਸ ਵੇਲੇ ਨਾਟਕੀ ਮੋੜ ਆ ਗਿਆ ਜਦੋਂ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁੱਖ ਮੁਲਜ਼ਮਾਂ ਨੇ ਚੰਡੀਗੜ੍ਹ ਲਿਆਂਦੇ ਜਾਣ ਦੌਰਾਨ ਪੁਲਿਸ ‘ਤੇ ਹੀ ਗੋਲੀਆਂ ਚਲਾ ਦਿੱਤੀਆਂ। ਤੜਕੇ ਧਨਾਸ ਨੇੜੇ ਹੋਈ ਇਸ ਮੁੱਠਭੇੜ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ‘ਚ ਦੋਵੇਂ ਮੁਲਜ਼ਮਾਂ ਦੇ ਪੈਰਾਂ ਵਿਚ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਦੀ ਭੱਜਣ ਦੀ ਕੋਸ਼ਿਸ਼ ਨਾਕਾਮ ਹੋ ਗਈ। ਜਾਣਕਾਰੀ ਅਨੁਸਾਰ 13 ਜੂਨ ਨੂੰ ਦੁਪਹਿਰ ਸਮੇਂ ਸ਼੍ਰੀ ਕੁਮਾਰ ਮੈਡੀਕਲ ਸਟੋਰ ‘ਚ ਦਾਖ਼ਲ ਹੋਏ ਹਥਿਆਰਬੰਦ ਨੌਜਵਾਨਾਂ ਨੇ ਕੈਸ਼ੀਅਰ ਜਾਨਕੀ ਦਾਸ ਨੂੰ ਨਿਸ਼ਾਨਾ ਬਣਾਉਂਦਿਆਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਸਨ। ਖ਼ੂਨ ਨਾਲ ਲੱਥਪੱਥ ਜਾਨਕੀ ਦਾਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਸੀ। ਐੱਸ.ਆਈ.ਟੀ ਨੇ ਕਾਰਵਾਈ ਦੌਰਾਨ ਕਈ ਸੂਬਿਆਂ ‘ਚ ਛਾਪੇਮਾਰੀ ਕਰਕੇ ਜੰਮੂ-ਕਸ਼ਮੀਰ ਤੋਂ ਸੰਨੀ ਮਹਿਰਾ ਤੇ ਆਰਿਅਨ ਸ਼ਰਮਾ ਨੂੰ ਕਾਬੂ ਕਰ ਲਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸੰਨੀ ਮਹਿਰਾ ਹੀ ਮੁੱਖ ਸ਼ੂਟਰ ਸੀ, ਜਦਕਿ ਆਰਿਅਨ ਉਸ ਦਾ ਸਾਥੀ ਸੀ। ਪੁਲਿਸ ਵਲੋਂ ਦੋਵੇਂ ਮੁਲਜ਼ਮਾਂ ਨੂੰ ਚੰਡੀਗੜ੍ਹ ਲਿਆਂਦਾ ਜਾ ਰਿਹਾ ਸੀ। ਤੜਕੇ ਕਰੀਬ 5 ਵਜੇ ਧਨਾਸ ਨੇੜੇ ਪੁਲਿਸ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਹਾਦਸੇ ਦੌਰਾਨ ਸੰਨੀ ਮਹਿਰਾ ਨੇ ਪੁਲਿਸ ਦੀ ਪਿਸਤੌਲ ਚੁੱਕ ਲਈ ਅਤੇ ਪੁਲਿਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਅਚਾਨਕ ਹੋਈ ਗੋਲੀਬਾਰੀ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਦੌਰਾਨ ਸੰਨੀ ਮਹਿਰਾ ਦੀ ਖੱਬੀ ਲੱਤ ‘ਚ ਦੋ ਗੋਲੀਆਂ ਤੇ ਆਰਿਅਨ ਸ਼ਰਮਾ ਦੀ ਸੱਜੀ ਲੱਤ ‘ਚ ਇਕ ਗੋਲੀ ਲੱਗੀ। ਦੋਵੇਂ ਨੂੰ ਕਾਬੂ ਕਰਕੇ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਦੀ ਗੱਡੀ ਦਾ ਡਰਾਈਵਰ ਵੀ ਹਾਦਸੇ ਦੌਰਾਨ ਜ਼ਖ਼ਮੀ ਹੋਇਆ ਹੈ। ਇਸ ਮਾਮਲੇ ਦਾ ਤੀਜਾ ਮੁਲਜ਼ਮ ਅਮਿਤ ਕੁਮਾਰ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਮੈਡੀਕਲ ਸਟੋਰ ਦੇ ਕੈਸ਼ੀਅਰ ਦੇ ਕਾਤਲਾਂ ਦਾ ਮੁਕਾਬਲਾ, ਜੰਮੂ ਤੋਂ ਕਾਬੂ ਕਰ ਕੇ ਲਿਆਂਦੇ ਜਾ ਰਹੇ ਸੀ ਦੋਵੇਂ ਮੁਲਜ਼ਮ
ਅਜੀਤ ਡੈਸਕ
19-06-2026