ਢੰਡਾਰੀ ਕਲਾਂ/ਲੁਧਿਆਣਾ, 21 ਜੂਨ (ਜਸਵੀਰ ਸਿੰਘ ਬੰਗਾ)-ਗਿਆਸਪੁਰਾ ਚੌਂਕੀ ਅਧੀਨ ਆਉਂਦੇ ਇਲਾਕੇ ਪ੍ਰੀਤਮ ਕਾਲੋਨੀ ‘ਚ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਨੂੰ ਲੈ ਕੇ ਦੇਰ ਰਾਤ ਫਾਈਨਾਂਸਰ ਦੇ ਘਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜਾਨਲੇਵਾ ਹਮਲੇ ਵਿਚ ਪਰਿਵਾਰ ਦੇ 4 ਮੈਂਬਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਰਿਵਾਰ ਫਾਈਨੈਂਸ ਦਾ ਕੰਮ ਕਰਦਾ ਹੈ। ਕਰੀਬ 7-8 ਮਹੀਨੇ ਪਹਿਲਾਂ ਉਨ੍ਹਾਂ ਆਪਣੇ ਬੇਟੇ ਦੇ ਦੋਸਤ ਸਾਗਰ ਨੂੰ 20 ਹਜ਼ਾਰ ਰੁਪਏ ਵਿਆਜ ’ਤੇ ਦਿੱਤੇ ਸਨ, ਪਰ ਪਿਛਲੇ ਕਾਫ਼ੀ ਸਮੇਂ ਤੋਂ ਨਾ ਹੀ ਉਹ ਪੈਸੇ ਵਾਪਸ ਕਰ ਰਿਹਾ ਸੀ ਅਤੇ ਨਾ ਹੀ ਵਿਆਜ ਦੇ ਰਿਹਾ ਸੀ। ਬੀਤੀ ਰਾਤ ਕਰੀਬ 12 ਵਜੇ ਉਸ ਦੇ ਬੇਟੇ ਨੇ ਸਾਗਰ ਨਾਮੀ ਨੌਜਵਾਨ ਨੂੰ ਫ਼ੋਨ ਕਰਕੇ ਪੈਸਿਆਂ ਦੀ ਮੰਗ ਕੀਤੀ, ਜਿਸ ਮਗਰੋਂ ਉਹ ਉਨ੍ਹਾਂ ਦੇ ਘਰ ਬਾਹਰ ਆ ਗਿਆ। ਘਰ ਦੇ ਬਾਹਰ ਦੋਵੇਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ ਤੇ ਉਸ ਨੇ ਆਪਣੇ ਸਾਥੀ ਬੁਲਾ ਲਏ। ਉਨ੍ਹਾਂ ਦੱਸਿਆ ਕਿ ਮਾਮੂਲੀ ਜਿਹੀ ਬਹਿਸ ਤੋਂ ਸ਼ੁਰੂ ਹੋਇਆ ਵਿਵਾਦ ਇੰਨਾ ਵੱਧ ਗਿਆ ਕਿ ਮੁਲਜ਼ਮਾਂ ਨੇ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ’ਚ ਪਰਿਵਾਰ ਦੇ ਚਾਰ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਗਿਆਸਪੁਰਾ ਚੌਕੀ ਦੀ ਪੁਲਿਸ ਮੌਕੇ ‘ਤੇ ਪਹੁੰਚੀ, ਪੁਲਿਸ ਵਲੋਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਫਾਈਨਾਂਸਰ ਦੇ ਘਰ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਪਰਿਵਾਰ ਦੇ ਚਾਰ ਮੈਂਬਰ ਜ਼ਖਮੀ
ਅਜੀਤ ਡੈਸਕ
22-06-2026