ਅੰਮ੍ਰਿਤਸਰ, ਅਟਾਰੀ ਸਰਹੱਦ, 21 ਜੂਨ (ਸੁਰਿੰਦਰ ਕੋਛੜ,ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ ‘ਤੇ 29 ਜੂਨ ਨੂੰ ਮਨਾਈ ਜਾ ਰਹੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਰੱਖੇ ਸਮਾਗਮਾਂ ‘ਚ ਸ਼ਿਰਕਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥਾ ਲੀਡਰ ਖੁਸ਼ਵਿੰਦਰ ਸਿੰਘ ਭਾਟੀਆ, ਬੀਬੀ ਹਰਜਿੰਦਰ ਕੌਰ ਤੇ ਜਰਨਲ ਪ੍ਰਬੰਧਕ ਮੀਤ ਸਕੱਤਰ ਅਜ਼ਾਦਦੀਪ ਸਿੰਘ ਅਤੇ ਦਿੱਲੀ ਕਮੇਟੀ ਦੇ ਜਥਾ ਲੀਡਰ ਹਰਵਿੰਦਰ ਸਿੰਘ, ਮਨਮੋਹਨ ਸਿੰਘ ਆਦਿ ਦੀ ਅਗਵਾਈ ‘ਚ ਵਾਹਗਾ ਪਹੁੰਚੇ ਭਾਰਤੀ ਜਥਾ ਆਗੂਆਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਲਹਿੰਦੇ ਪੰਜਾਬ ਦੇ ਘੱਟ-ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਤੇ ਪੀ. ਐੱਸ. ਜੀ. ਪੀ. ਸੀ. ਪ੍ਰਧਾਨ ਰਮੇਸ਼ ਸਿੰਘ ਅਰੋੜਾ, ਈ. ਟੀ. ਪੀ. ਬੀ. ਦੇ ਚੇਅਰਮੈਨ ਕਮਰ-ਉਜ਼-ਜ਼ਮਾਨ, ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ, ਡਿਪਟੀ ਸਕੱਤਰ (ਸ਼ਰਾਈਨਜ਼) ਫ਼ਰਾਜ਼ ਅੱਬਾਸ ਆਦਿ ਹਾਜ਼ਰ ਸਨ। ਚੇਅਰਮੈਨ ਕਮਰ-ਉਜ਼-ਜ਼ਮਾਨ ਨੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤੀ ਸੰਗਤ ਦੀ ਯਾਤਰਾ, ਰਿਹਾਇਸ਼, ਲੰਗਰ ਅਤੇ ਸੁਰੱਖਿਆ ਆਦਿ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ ਮੌਕੇ ਨਾਸਿਰ ਮੁਸ਼ਤਾਕ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਦਿੱਲੀ ਸਥਿਤ ਪਾਕਿਸਤਾਨੀ ਸਫ਼ਾਰਤਖ਼ਾਨੇ ਵਲੋਂ ਇਸ ਵਾਰ ਭਾਰਤੀ ਸ਼ਰਧਾਲੂਆਂ ਲਈ 438 ਵੀਜ਼ੇ ਜਾਰੀ ਕੀਤੇ ਗਏ ਤੇ ਅੱਜ 337 ਭਾਰਤੀ ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇ ਹਨ। ਵਾਹਗਾ ਤੋਂ ਭਾਰਤੀ ਜਥਾ ਇਮੀਗ੍ਰੇਸ਼ਨ ਅਤੇ ਕਸਟਮ ਦੀ ਕਾਰਵਾਈ ਉਪਰੰਤ ਵਿਸ਼ੇਸ਼ ਬੱਸਾਂ ਰਾਹੀਂ ਭਾਰੀ ਸੁਰੱਖਿਆ ਹੇਠ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਲਗਾਉਂਦਾ ਹੋਇਆ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ। 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ 30 ਜੂਨ ਨੂੰ ਜਥੇ ਦੀ ਭਾਰਤ ਵਾਪਸੀ ਹੋਵੇਗੀ।
ਪੰਜਾਬ, ਹਰਿਆਣਾ, ਦਿੱਲੀ ਦੇ ਕਈ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਨਹੀਂ ਮਿਲੀ ਮਨਜ਼ੂਰੀ
ਪਾਕਿਸਤਾਨ ਲਾਹੌਰ ਵਿਖੇ ਸਥਿਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ’ਤੇ ਬਰਸੀ ਮਨਾਉਣ ਲਈ ਅੱਜ ਭਾਰਤ ਤੋਂ 346 ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਲਈ ਰਵਾਨਾ ਹੋ ਗਿਆ। ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਵਿਚ ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸ਼ਰਧਾਲੂ ਸ਼ਾਮਿਲ ਸਨ। ਜਿਨ੍ਹਾਂ ਸਿੱਖ ਸ਼ਰਧਾਲੂਾਂ ਨੂੰ ਵੀਜ਼ੇ ਮਿਲੇ ਸਨ ਉਹ ਅਟਾਰੀ ਸਰਹੱਦ ‘ਤੇ ਪੁੱਜੇ ਆਪਣਾ ਇੰਮੀਗ੍ਰੇਸ਼ਨ ਤੇ ਕਸਟਮ ਚੈਕਿੰਗ ਕਰਾਉਣ ਉਪਰੰਤ ਪਾਕਿਸਤਾਨ ਲਈ ਅਟਾਰੀ ਸਰਹੱਦ ਰਸਤੇ ਰਵਾਨਾ ਹੋ ਗਏ ਹਨ। ਪਾਕਿਸਤਾਨ ਜਾਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਆਈ. ਸੀ. ਪੀ. ਅਟਾਰੀ ਸਰਹੱਦ ਵਿਖੇ ਐੱਲ. ਪੀ. ਆਈ. ਦੇ ਮੈਨੇਜਰ ਸੂਰਜ ਭਾਨ, ਭਾਰਤੀ ਕਸਟਮ ਭਾਰਤੀ ਇਮੀਗ੍ਰੇਸ਼ਨ ਅਤੇ ਬੀ. ਐੱਸ. ਐੱਫ. ਦੇ ਵਲੋਂ ਸਾਂਝੇ ਤੌਰ ‘ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਭਾਰਤੀ ਸਿੱਖ ਸ਼ਰਧਾਲੂਆਂ ਵਿਚ ਸ਼ਾਮਿਲ ਪੰਜਾਬ ਹਰਿਆਣਾ ਤੇ ਦਿੱਲੀ ਦੇ 21, ਉਤਰਾਖੰਡ ਤੋਂ 17 ਸਿੱਖ ਸ਼ਰਧਾਲੂਆਂ ਦਾ ਜਥਾ ਨੂੰ ਭਾਰਤੀ ਇੰਮੀਗ੍ਰੇਸ਼ਨ ਅਟਾਰੀ ਸਰਹੱਦ ਨੂੰ ਜਾਣਕਾਰੀ ਨਾ ਆਉਣ ਦੇ ਕਾਰਨ ਭਾਰਤ ਤੋਂ ਪਾਕਿਸਤਾਨ ਜਾਣ ਲਈ ਤੋਂ ਅਟਾਰੀ ਸਰਹੱਦ ’ਤੇ ਹੀ ਰੋਕਿਆ ਗਿਆ।